ਪੰਜਾਬ

punjab

ETV Bharat / city

ਵਿਸ਼ੇਸ਼ ਸੈਸ਼ਨ ਵਿੱਚ ਰਾਣਾ ਕੇ.ਪੀ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਕੀਤਾ ਯਾਦ - ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਕੀਤਾ ਯਾਦ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ 6 ਨਵੰਬਰ, 2019 ਨੂੰ ਵਿਸ਼ੇਸ਼ ਸੈਸ਼ਨ ਦੌਰਾਨ ਭਾਸ਼ਣ ਦਿੱਤਾ ਗਿਆ।

ਫ਼ੋਟੋ

By

Published : Nov 6, 2019, 11:39 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ 6 ਨਵੰਬਰ, 2019 ਨੂੰ ਵਿਸ਼ੇਸ਼ ਸੈਸ਼ਨ ਦੌਰਾਨ ਭਾਸ਼ਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਨਵਤਾ ਦੇ ਪੁੰਜ, ਸਮੁੱਚੀ ਲੋਕਾਈ ਨੂੰ ਪ੍ਰਣਾਏ ਹੋਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਮੈਂ ਆਪ ਸਭਨਾ ਦਾ ਪੰਜਾਬ ਵਿਧਾਨ ਸਭਾ ਦੇ ਵਿਹੜੇ ਵਿਚ ਦਿਲ ਦੀਆਂ ਗਹਿਰਾਈਆਂ ਤੋਂ ਖੈਰ ਮਕਦਮ ਕਰਦਾ ਹਾਂ।

ਅਸੀਂ ਵਡਭਾਗੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਸਾਨੂੰ ਸਭਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਬਾਬੇ ਨਾਨਕ ਦੀ ਮੇਹਰ ਸਦਕਾ ਅਸੀਂ ਸਾਰੇ ਇਸ ਪਾਵਨ ਮੌਕੇ ਨੂੰ ਸਮਰਪਿਤ ਇਸ ਖ਼ਸੂਸੀ ਇਜਲਾਸ ਦੇ ਗਵਾਹ ਬਣ ਸਕੇ ਹਾਂ।
ਜਦੋਂ ਜਹਿਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖਿਆਲ ਪੁੰਗਰਦਾ ਹੈ ਉਦੋਂ ਆਪ ਮੁਹਾਰੇ ਉਨ੍ਹਾਂ ਵਲੋਂ ਸਾਰੀ ਮਾਨਵਤਾ ਨੂੰ ਦਿੱਤਾ ਗਿਆ ਮੁੱਖ ਸੰਦੇਸ਼ ਬੁੱਲਾਂ 'ਤੇ ਆ ਜਾਂਦਾ ਹੈ।

''ਕਿਰਤ ਕਰੋ, ਨਾਮ ਜਪੋ, ਵੰਡ ਛਕੋ''

ਕਿਰਤ ਕਰਨ ਦਾ ਸੁਨੇਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ 'ਚ ਕੰਮ ਕਰਦਿਆਂ ਵੀ ਦਿੱਤਾ ਅਤੇ ਕਰਤਾਰਪੁਰ ਸਾਹਿਬ ਦੇ ਖੇਤਾਂ ਵਿਚ ਹਲ ਵਾਹ ਕੇ ਖੇਤੀ ਦੀ ਕਿਰਤ ਨੂੰ ਵੀ ਮਹਾਨ ਕਿਰਤ ਵਿਚ ਸ਼ੁਮਾਰ ਕਰ ਦਿੱਤਾ। ਕਿਰਤ ਕਰਨ ਦੇ ਨਾਲ-ਨਾਲ ਨਾਮ ਜਪਣ ਦੀ ਗੱਲ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆਂ ਦੇ ਸਾਧੂਆਂ ਨੂੰ ਛਕਾਏ ਭੋਜਨ 'ਚੋਂ ਤੇਰਾ-ਤੇਰਾ ਤੋਲਦਿਆਂ ਵੰਡ ਛਕਣ ਦਾ ਸੁਨੇਹਾ ਵੀ ਦਿੱਤਾ। ਵੰਡ ਛਕਣ ਦਾ ਸੰਦੇਸ਼ ਦੇ ਕੇ ਸਮਾਜ ਨੂੰ ਜਿੱਥੇ ਗੁਰੂ ਸਾਹਿਬ ਨੇ ਇੱਕ ਸਮਾਨਤਾ ਦਾ ਸੁਨੇਹਾ ਦਿੰਦੇ ਹਨ, ਉੱਥੇ ਸਮਾਜਿਕ ਤੇ ਆਰਥਿਕ ਬਰਾਬਰਤਾ ਦੀ ਵੀ ਗੱਲ ਕਰਕੇ ਉਹ ਸਾਡੀਆਂ ਸਮੁੱਚੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਰਾਹ ਦੱਸਦੇ ਹਨ।

ਪੰਜਾਬ ਵਿਧਾਨ ਸਭਾ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਦੇ ਅਗਾਜ਼ ਮੌਕੇ ਉਚੇਚੇ ਤੌਰ 'ਤੇ ਸਾਡੇ ਦਰਮਿਆਨ ਪਹੁੰਚੇ ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਐਮ. ਵੈਂਕਈਯਾ ਨਾਇਡੂ ਜੀ ਨੂੰ ਮੈਂ ਜੀ ਆਇਆਂ ਆਖਦਾ ਹਾਂ। ਮੰਚ ਉੱਤੇ ਬਿਰਾਜਮਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ, ਉੱਘੇ ਅਰਥਸ਼ਾਸ਼ਤਰੀ ਮਾਨਯੋਗ ਡਾ. ਮਨਮੋਹਨ ਸਿੰਘ ਜੀ, ਪੰਜਾਬ ਦੇ ਮਾਨਯੋਗ ਰਾਜਪਾਲ ਵੀ.ਪੀ.ਸਿੰਘ ਬਦਨੌਰ ਜੀ, ਹਰਿਆਣਾ ਸੂਬੇ ਦੇ ਮਾਨਯੋਗ ਰਾਜਪਾਲ ਸੱਤਿਆ ਦੇਵ ਨਰਾਇਣ ਆਰਿਆ ਜੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ, ਗਿਆਨ ਚੰਦ ਗੁਪਤਾ ਜੀ, ਮਾਣਯੋਗ ਸਪੀਕਰ, ਹਰਿਆਣਾ ਵਿਧਾਨ ਸਭਾ, ਇਸ ਪਵਿੱਤਰ ਸਦਨ ਵਿਚ ਸਮੂਹ ਦੋਵਾਂ ਸੂਬਿਆਂ ਦੇ ਮੰਤਰੀ ਸਾਹਿਬਾਨ, ਵਿਰੋਧੀ ਧਿਰ ਦੇ ਆਗੂ, ਸਾਂਸਦ, ਵਿਧਾਇਕ ਅਤੇ ਉੱਘੀਆਂ ਸਮੂਹ ਮਹਾਨ ਸ਼ਖਸੀਅਤਾਂ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ।

ABOUT THE AUTHOR

...view details