ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਭੈਣ ਅਤੇ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਰੱਖੜੀ ਦਾ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਅਧਿਕਾਰਕ ਟਵਿੱਟਰ ਖ਼ਾਤੇ ਉੱਤੇ ਪੋਸਟ ਸ਼ੇਅਰ ਕਰਕੇ ਰੱਖੜੀ ਦੀ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆਂ ਰੱਖੜੀ ਦੀ ਵਧਾਈ ਦਿੱਤੀ ਹੈ।
ਰੱਖੜੀ ਬੰਨ੍ਹਣ ਵੇਲੇ ਭਦਰਕਾਲ ਅਤੇ ਰਾਹੁਕਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਭਦਰਕਾਲ ਵਿੱਚ ਰੱਖੜੀ ਬੰਨਣਾ ਸ਼ੁਭ ਨਹੀਂ ਹੈ। ਇਸ ਲਈ ਰੱਖੜੀ ਦੇ ਦਿਨ ਭਦਰਕਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਜੋਤਸ਼ੀਆਂ ਮੁਤਾਬਕ, 3 ਅਗਸਤ ਨੂੰ ਸੋਮਵਾਰ ਹੋਣ ਕਾਰਨ ਰੱਖੜੀ ਦਾ ਸ਼ੁਭ ਮਹੂਰਤ ਹੈ। ਇਸ ਵਾਰ ਰੱਖੜੀ ਮੌਕੇ ਭਦਰਕਾਲ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ। ਭਦਰਕਾਲ ਸਿਰਫ਼ ਸਵੇਰੇ 9:29 ਤੱਕ ਹੀ ਰਹੇਗਾ, ਜਿਸ ਤੋਂ ਬਾਅਦ ਪੂਰਾ ਦਿਨ ਰੱਖੜੀ ਬੰਨ੍ਹੀ ਜਾ ਸਕਦੀ ਹੈ।
ਰੱਖੜੀ ਦਾ ਤਿਉਹਾਰ ਇਸ ਵਾਰ ਫਿੱਕਾ ਨਜ਼ਰ ਆ ਰਿਹਾ ਹੈ। ਇਸ ਦਾ ਕਾਰਨ ਕੋਰੋਨਾ ਸੰਕਟ ਹੈ, ਕਿਉਂਕਿ ਕੋਰੋਨਾ ਕਾਰਨ ਹਰ ਇਕ ਵਰਗ ਪ੍ਰਭਾਵਿਤ ਹੋਇਆ ਹੈ, ਇੱਥੋਂ ਤਕ ਕਿ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ। ਇਸ ਦੌਰਾਨ ਬਾਜ਼ਾਰਾਂ 'ਚ ਵੀ ਕੋਈ ਚਹਿਲ ਪਹਿਲ ਨਜ਼ਰ ਨਹੀਂ ਆਈ, ਰੱਖੜੀ ਦੀ ਖਰੀਦਦਾਰੀ ਕਰਨ ਵਾਲੇ ਘੱਟ ਹੀ ਲੋਕ ਨਜ਼ਰ ਆ ਰਹੇ ਹਨ।