ਚੰਡੀਗੜ੍ਹ: ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਲਾਮਬੰਦ ਹਨ। ਪਿਛਲੇ ਦੋ ਦਿਨਾਂ ਵਿੱਚ, ਕਿਸਾਨ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਦਿੱਲੀ ਬਾਰਡਰ ਵੱਲ ਪਹੁੰਚ ਚੁੱਕੇ ਹਨ। ਇਸ ਸਮੇਂ ਦੌਰਾਨ ਪੁਲਿਸ ਨੇ ਕਈ ਥਾਵਾਂ 'ਤੇ ਕਿਸਾਨਾਂ 'ਤੇ ਤਾਕਤ ਦੀ ਵਰਤੋਂ ਵੀ ਕੀਤੀ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।
ਇਸ ਬਾਰੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰ ਲਿਖਿਆ ਕਿ ਇਹ ਬਹੁਤ ਹੀ ਦੁਖਦਾਈ ਫੋਟੋ ਹੈ। ਸਾਡਾ ਨਾਅਰਾ ਸੀ 'ਜੈ ਜਵਾਨ ਜੈ ਕਿਸਾਨ' ਪਰ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਖਿਲਾਫ ਖੜਾ ਕਰ ਦਿੱਤਾ, ਜੋ ਕਿ ਬਹੁਤ ਖਤਰਨਾਕ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਟਵੀਟ ਵਿੱਚ ਸ਼ੇਅਰ ਕੀਤੀ ਫੋਟੋ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਜਵਾਨ ਇੱਕ ਕਿਸਾਨ ਉੱਤੇ ਤਾਕਤ ਦੀ ਵਰਤੋਂ ਕਰ ਰਿਹਾ ਹੈ ਅਤੇ ਕਿਸਾਨ ਉਸ ਤੋਂ ਬਚਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਵਿਸ਼ਵ ਦੀ ਕੋਈ ਵੀ ਸਰਕਾਰ ਸੱਚ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਨਹੀਂ ਰੋਕ ਸਕਦੀ।
ਜ਼ਿਕਰਯੋਗ ਹੈ ਕਿ ਅੱਜ ਕਿਸਾਨਾਂ ਦੀ ਦਿੱਲੀ ਯਾਤਰਾ ਦਾ ਤੀਜਾ ਦਿਨ ਹੈ। ਕਿਸਾਨ ਕਿਸੇ ਵੀ ਸਮੇਂ ਦਿੱਲੀ ਵਿੱਚ ਦਸਤਕ ਦੇ ਸਕਦੇ ਹਨ। ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਅਤੇ ਹੰਝੂ ਗੈਸ ਦੇ ਗੋਲੇ ਵਰਤੇ ਸਨ। ਇਸ ਤੋਂ ਬਾਅਦ ਵੀ ਕਿਸਾਨ ਪਿੱਛੇ ਹਟਣ ਦੀ ਬਜਾਏ ਦਿੱਲੀ ਵੱਲ ਵਧ ਰਹੇ ਹਨ।