ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਟਿਆਲਾ ਦੇ ਸੌਰਭ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਰਾਘਵ ਚੱਢਾ ਦੇ ਵਕੀਲ ਵੱਲੋਂ ਇੱਕ ਜਨਤਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੌਰਭ ਜੈਨ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਲਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਨਾਪਾਕ ਤੱਤ ਰਾਘਵ ਚੱਢਾ ਦੀ ਸਦਭਾਵਨਾ ਅਤੇ ਸਾਖ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸ਼ ਉਨ੍ਹਾਂ 'ਤੇ ਇੱਕ 'ਸਪਾਂਸਰਡ' ਮੁਹਿੰਮ ਅਤੇ ਪ੍ਰਚਾਰ ਤਹਿਤ ਲਗਾਏ ਗਏ ਹਨ।
ਰਾਘਵ ਚੱਢਾ ਦਾ ਸੌਰਭ ਜੈਨ ਨੂੰ ਮਾਣਹਾਨੀ ਨੋਟਿਸ ਬਿਆਨ ਦੇ ਅਨੁਸਾਰ, ਸੌਰਭ ਜੈਨ ਦੁਆਰਾ ਚੋਣ ਟਿਕਟਾਂ ਲਈ ਭ੍ਰਿਸ਼ਟਾਚਾਰ ਅਤੇ ਪੈਸੇ ਦੇ ਦੋਸ਼ ਝੂਠੇ ਹਨ ਅਤੇ ਰਾਘਵ ਚੱਢਾ ਦੀ ਬੇਦਾਗ ਸਾਖ ਨੂੰ ਖਰਾਬ ਕਰਨ ਲਈ ਕੁਝ ਪੂਰਵ-ਯੋਜਨਾਬੱਧ ਮੁਹਿੰਮ ਦਾ ਹਿੱਸਾ ਹਨ। ਅਪਰਾਧਿਕ ਮਾਣਹਾਨੀ ਦਾ ਕੇਸ, ਆਈਪੀਸੀ ਦੀ ਧਾਰਾ 499/500 ਦੇ ਤਹਿਤ, ਜੋ ਕਿਸੀ ਦੀ ਸਾਖ ਨੁਕਸਾਨ ਪਹੁੰਚਾਉਣ ਲਈ 2 ਸਾਲ ਤੱਕ ਦੀ ਕੈਦ ਦੀ ਵਿਵਸਥਾ ਕਰਦਾ ਹੈ, ਦਿੱਲੀ ਦੇ ਰੌਜ਼ ਐਵੇਨਿਊ ਕੋਰਟ ਵਿਖੇ ਸੌਰਭ ਜੈਨ ਦੇ ਖ਼ਿਲਾਫ਼ ਦਾਇਰ ਕੀਤੇ ਜਾਵੇਗਾ।
ਓਧਰ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਗੁਰਤੇਜ ਸਿੰਘ ਪੰਨੂ, ਸ਼ੀਰਾ ਭੰਬੋਰਾ ਅਤੇ ਮੋਹਰਾ ਸਿੰਘ ਅਨਜਾਣ ਵਲੋਂ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਨੂੰ ਲੈਕੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ (ਜਸਵੰਤ ਸਿੰਘ ਗੱਜਣ ਮਾਜਰਾ) ਦੇ ਵਕੀਲ ਵੱਲੋਂ 100 ਕਰੋੜ ਰੁਪਏ ਦੇ ਮਾਣਹਾਨੀ ਦਾਅਵੇ ਦਾ ਨੋਟਿਸ ਭੇਜਿਆ ਗਿਆ ਹੈ।
ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਪਰੋਕਤ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਮੜੇ ਸਨ। ਇੰਨ੍ਹਾਂ ਆਗੂਆਂ ਵੱਲੋਂ ਲਗਾਏ ਗਏ ਵੱਖ-ਵੱਖ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜਸਵੰਤ ਸਿੰਘ ਗੱਜਣ ਮਾਜਰਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੋਸ਼ਾਂ ਨਾਲ ਉਨ੍ਹਾਂ ਦੇ ਮੁਵੱਕਿਲ ਦੀ ਬੇਦਾਗ ਸਾਖ਼ ਨੂੰ ਢਾਹ ਲੱਗੀ ਹੈ ਅਤੇ ਆਪਣੇ ਮੁਵੱਕਿਲ ਜਸਵੰਤ ਸਿੰਘ ਦੀ ਸਾਖ ਨੂੰ ਠੇਸ ਪਹੁੰਚਾਉਣ ਨੂੰ ਲੈਕੇ ਇੰਨ੍ਹਾਂ ਆਗੂਆਂ 'ਤੇ 100 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ:Punjab Assembly Elections 2022: CM ਚੰਨੀ ਦਾ ਰਿਸ਼ਤੇਦਾਰ ਭਾਜਪਾ ’ਚ ਸ਼ਾਮਲ