ਪੰਜਾਬ

punjab

ETV Bharat / city

ਚੰਗੀ ਸਿੱਖਿਆ, ਰੁਜ਼ਗਾਰ ਤੇ ਉੱਚੇ ਜੀਵਨ ਪੱਧਰ ਲਈ ਪੰਜਾਬੀਆਂ ਦੀ ਵਿਦੇਸ਼ਾਂ ਵੱਲ ਦੌੜ ਜਾਰੀ, ਜਾਣੋ ਅੰਕੜਾ - ਸਰਕਾਰ ਸੱਤਾ

Race for abroad: ਪੰਜਾਬ ਤੋਂ ਵਿਦੇਸ਼ ਜਾਣ ਦੀ ਦੌੜ ਦਾ ਪੈਮਾਨਾ ਵੱਧ ਹੀ ਰਿਹਾ ਹੈ। ਰੋਜ਼ਾਨਾ 391 ਲੋਕ ਪੰਜਾਬ ਤੋਂ ਵਿਦੇਸ਼ ਨੂੰ ਉਡਾਰੀ ਮਾਰਦੇ ਹਨ। ਜਿਆਦਾਤਰ ਨੌਜਵਾਨ ਰੁਜ਼ਗਾਰ ਦੀ ਖਾਤਰ ਵਿਦੇਸ਼ ਜਾ ਰਹੇ ਹਨ। ਇਕ ਪ੍ਰਭਾਵ ਬਣ ਗਿਆ ਹੈ ਕਿ ਪੰਜਾਬ ਵਿਚ ਨਾ ਰੁਜ਼ਗਾਰ ਮਿਲਣਾ ਹੈ ਅਤੇ ਨਾ ਹੀ ਚੰਗਾ ਜੀਵਨ ਪੱਧਰ ਮਿਲਣਾ ਹੈ। ਪੜੋ ਸਾਡੀ ਖ਼ਾਸ ਰਿਪੋਰਟ...

ਪੰਜਾਬ ਤੋਂ ਵਿਦੇਸ਼ ਜਾਣ ਦੀ ਦੌੜ
ਪੰਜਾਬ ਤੋਂ ਵਿਦੇਸ਼ ਜਾਣ ਦੀ ਦੌੜ

By

Published : Mar 1, 2022, 7:18 AM IST

ਚੰਡੀਗੜ੍ਹ: ਰੂਸ ਅਤੇ ਯੂਕਰੇਨ ਜੰਗ (Russia and Ukraine war) ਦੌਰਾਨ ਹੀ ਯੂਕਰੇਨ ਵਿਖੇ ਪੜ੍ਹ ਰਹੇ ਭਾਰਤ ਦੇ ਵਿਦਾਰਥੀਆਂ ਦੇ ਮਾਮਲੇ ਨੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਲੋਕਾਂ ਅਤੇ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਵਿਚਾਰ ਚਰਚਾ ਕਰਨ ਲਈ ਮਜਬੂਰ ਕੀਤਾ ਹੈ। ਮਾਮਲਾ ਇਹ ਹੈ ਕਿ ਸਿੱਖਿਆ ਪ੍ਰਾਪਤ ਕਰਨ ਅਤੇ ਰੁਜ਼ਗਾਰ ਲਈ ਪੰਜਾਬ ਦੇ ਲੋਕ ਕਿਉਂ ਆਪਣੇ ਘਰ ਬਾਰ ਛੱਡ ਕੇ ਵਿਦੇਸ਼ਾਂ ਨੂੰ ਜਾਣ (Race for abroad) ਲਈ ਮਜਬੂਰ ਹੋ ਰਹੇ ਹਨ।

ਪੰਜਾਬ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਖੁਸ਼ਹਾਲ ਸੂਬੇ ਵੱਜੋਂ ਜਾਣਿਆ ਜਾਂਦਾ ਹੈ। ਪੰਜਾਬ ਦੀ ਹਰ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਚੰਗੀ ਅਤੇ ਸਸਤੀ ਸਿੱਖਿਆ ਅਤੇ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀ ਹੈ ਅਤੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਦਾਅਵਾ ਵੀ ਕਰਦੀ ਹੈ ਕਿ ਉਸਨੇ ਸਿੱਖਿਆ ਅਤੇ ਰੁਜ਼ਗਾਰ ਦਾ ਵਾਅਦਾ ਪੂਰਾ ਕਰ ਦਿੱਤਾ। ਜ਼ਾਹਿਰ ਹੈ ਕਿ ਰੁਜ਼ਗਾਰ ਦੇਣ ਵਾਲਾ ਅਤੇ ਰੁਜ਼ਗਾਰ ਹਾਸਲ ਕਰਨ ਵਾਲੇ ਵਿਚੋਂ ਕੋਈ ਇੱਕ ਤਾਂ ਝੂਠ ਬੋਲ ਰਿਹਾ ਹੈ, ਪਰ ਤਥ ਇਹ ਹੈ ਕਿ ਪੰਜਾਬ ਦੇਸ਼ ਦੇ ਤਮਾਮ ਸੂਬਿਆ ਵਿਚੋਂ ਮੋਹਰੀ ਹੈ ਜੋ ਸਬਤੋ ਵੱਧ ਨੌਜਵਾਨਾਂ ਨੂੰ ਵਿਦੇਸ਼ ਭੇਜ ਰਿਹਾ ਹੈ।

ਇਹ ਵੀ ਪੜੋ:BBMB ਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਤੇ ਗਰਮਾਈ ਸਿਆਸਤ

ਯੂਕਰੇਨ ਵਿੱਚ ਪੰਜਾਬੀ

ਪੰਜਾਬ ਵਿੱਚ ਬੇਹਤਰ ਅਤੇ ਸਸਤੀ ਸਿੱਖਿਆ ਦਾ ਮੁੱਦਾ ਯੂਕਰੇਨ-ਰੂਸ ਜੰਗ (Russia and Ukraine war) ਦੌਰਾਨ ਪ੍ਰਗਟ ਹੋਇਆ ਹੈ। ਯੂਕਰੇਨ ਵਿੱਚ ਦੇਸ਼ ਭਰ ਵਿੱਚੋਂ 18 ਹਜ਼ਾਰ ਤੋ ਵੱਧ ਵਿਦਾਰਥੀਆਂ ਵਿਚੋਂ 500 ਤੋਂ ਵੱਧ ਪੰਜਾਬੀ ਹਨ। ਫਿਲਹਾਲ ਵੱਖ-ਵੱਖ ਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰਾਂ ਵੱਲੋਂ 443 ਵਿਦਾਰਥੀਆਂ ਦਾ ਵੇਰਵਾ ਇਕੱਤਰ ਹੋ ਸਕਿਆ ਹੈ।

ਜ਼ਿਲ੍ਹਾ ਵਿਦਿਆਰਥੀ
ਅੰਮ੍ਰਿਤਸਰ 45
ਗੁਰਦਾਸਪੁਰ 42
ਪਟਿਆਲਾ 36
ਲੁਧਿਆਣਾ 34
ਤਰਨਤਾਰਨ 30
ਹੁਸ਼ਿਆਰਪੁਰ 28
ਬਰਨਾਲਾ 23
ਨਵਾਂ ਸ਼ਹਿਰ 22
ਕਪੂਰਥਲਾ 22
ਸ੍ਰੀ ਮੁਕਤਸਰ ਸਾਹਿਬ 22
ਬਠਿੰਡਾ 21
ਪਠਾਨਕੋਟ 19
ਰੂਪਨਗਰ 18
ਮਾਨਸਾ 17
ਫਰੀਦਕੋਟ 12
ਫਿਰੋਜ਼ਪੁਰ 10
ਮੋਹਾਲੀ 10
ਮੋਗਾ 9
ਮਲੇਰਕੋਟਲਾ 8
ਸ੍ਰੀ ਫਤਿਹਗੜ੍ਹ ਸਾਹਿਬ 6
ਫਾਜ਼ਿਲਕਾ 5
ਸੰਗਰੂਰ 4

ਕਿਉਂ ਪੰਜਾਬੀ ਗਏ ਯੂਕਰੇਨ ?

ਭਾਰਤ ਸਰਕਾਰ ਦੇ ਅੰਕੜੇ ਮੁਤਾਬਿਕ ਯੂਕਰੇਨ ਵਿੱਚ ਸਿੱਖਿਆ ਪ੍ਰਾਪਤ ਕਰਨ ਗਏ ਵਿਦਾਰਥੀਆਂ ਦੀ ਸੰਖਿਆ 18 ਹਜ਼ਾਰ ਤੋਂ ਵੱਧ ਹੈ। ਅਸਲ ਵਿੱਚ ਦੇਸ਼ ਵਿੱਚ ਅਤੇ ਪੰਜਾਬ ਵਿੱਚ ਵੀ ਮੈਡੀਕਲ ਦੀ ਸਿੱਖਿਆ ਨਾ ਸਿਰਫ ਮਹਿੰਗੀ ਹੈ, ਸਗੋਂ ਸੀਟ ਮਿਲਣਾ ਵੀ ਆਸਾਨ ਨਹੀਂ ਹੈ। ਸਰਕਾਰੀ ਅਤੇ ਪ੍ਰਾਇਵੇਟ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਦੀ ਪੂਰੀ ਪੜ੍ਹਾਈ 70 ਲੱਖ ਤੋਂ ਇੱਕ ਕਰੋੜ ਰੁਪਏ ਵਿੱਚ ਹੁੰਦੀ ਹੈ ਉਹ ਵੀ ਬਿਨਾਂ ਕਿਸੇ ਬਾਹਰੀ ਸਿਫਾਰਿਸ਼ ਤੋਂ, ਜਦਕਿ ਯੂਕਰੇਨ ਵਿੱਚ ਇਹੀ ਪੜ੍ਹਾਈ ਕਰੀਬ 25 ਲੱਖ ਰੁਪਏ ਵਿੱਚ ਹੋ ਜਾਂਦੀ ਹੈ।

ਯੂਕਰੇਨ ਦੇ ਮੈਡੀਕਲ ਕਾਲਜਾਂ ਵਿੱਚ ਵਧੀਆ ਬੁਨਿਆਦੀ ਢਾਂਚਾ ਹੈ। ਇਸੇ ਕਰਕੇ ਵਿਦਿਆਰਥੀ ਵੀ ਉੱਥੇ ਜਾਣਾ ਪਸੰਦ ਕਰਦੇ ਹਨ। ਭਾਰਤ ਵਿੱਚ ਬਹੁਤ ਘੱਟ ਸੀਟਾਂ ਹਨ, ਮੁਕਾਬਲਾ ਉੱਚਾ ਹੈ। ਮੁਕਾਬਲੇ ਵਿੱਚ ਪਾਸ ਹੋਣਾ ਆਪਣੇ ਆਪ ਵਿੱਚ ਇੱਕ ਔਖਾ ਕੰਮ ਹੈ। ਇਸ ਲਈ ਸਭ ਤੋਂ ਆਸਾਨ ਤਰੀਕਾ ਹੈ ਯੂਕਰੇਨ ਤੋਂ ਅਧਿਐਨ ਕਰਨਾ।

ਵਿਦੇਸ਼ਾਂ ਨੂੰ ਉਡਾਰੀ

ਯੂਕਰੇਨ ਹੀ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵੱਧ ਰਿਹਾ ਹੈ। ਬਿਊਰੋ ਆਫ਼ ਇਮੀਗਰੇਸ਼ਨ ਦੇ ਪਿਛਲੇ 5 ਸਾਲਾਂ ਦੇ ਅੰਕੜਿਆ ਅਨੁਸਾਰ, ਰੋਜ਼ਾਨਾ 391 ਨੌਜਵਾਨ ਪੰਜਾਬੀ ਵਿਦੇਸ਼ਾਂ ਨੂੰ ਰਵਾਨਾ ਹੋ ਰਹੇ ਹਨ। ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ, ਇਨ੍ਹਾਂ ਸਵਾ 5 ਸਾਲਾਂ ਵਿੱਚ ਸਟੂਡੈਂਟ ਵੀਜ਼ਾ ਤੇ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਜਾਣ ਵਾਲਿਆਂ ਦੀ ਜੇ ਸਾਂਝੇ ਤੌਰ ’ਤੇ ਗੱਲ ਕੀਤੀ ਜਾਵੇ ਤਾਂ 7.40 ਲੱਖ ਪੰਜਾਬੀ ਵਿਦੇਸ਼ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਸਟੂਡੈਂਟ ਵੀਜ਼ੇ ਵਾਲੇ 2.62 ਲੱਖ ਵਿਦਿਆਰਥੀ ਵੀ ਸ਼ਾਮਲ ਹਨ।

ਅਰਥਾਤ ਪ੍ਰਤੀ ਮਹੀਨਾ 11746 ਹਰ ਮਹੀਨੇ ਪੰਜਾਬੀ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਜਦਕਿ ਉਕਤ ਸਵਾ ਪੰਜ ਵਰ੍ਹਿਆਂ ਦੌਰਾਨ ਰੁਜ਼ਗਾਰ ਵੀਜ਼ੇ ’ਤੇ ਦੇਸ਼ ਭਰ ‘ਚੋੰ ਵਿਦੇਸ਼ ਜਾਣ ਵਾਲੇ ਲੋਕਾਂ ਦੀ ਸੰਖਿਆ 1.37 ਕਰੋੜ ਹੈ। ਪੰਜਾਬ ਅਤੇ ਨਾਲ ਲਗਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀਜਾ ਅਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਦਫਤਰਾਂ ਦੀ ਸੰਖਿਆ ਹਜ਼ਾਰਾਂ ਵਿਚ ਹੋ ਗਈ ਹੈ। ਜਦਕਿ ਪੰਜਾਬ ਵਿੱਚ ਵਿਦੇਸ਼ ਭੇਜਣ ਵਾਲੇ ਮੰਜੂਰਸ਼ੂਦਾ ਏਜੇਂਟਾ ਦੀ ਸੰਖਿਆ 48 ਹੈ। ਵਿਦੇਸ਼ ਭੇਜਣ ਦੇ ਨਾਮ ਹੇਠ ਏਜੇਂਟਾ ਦੀ ਲੁੱਟ ਦਾ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਕਾਫੀ ਹੈ। ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਸਾਲ 2019 ਤਕ 3500 ਤੋ ਵੱਧ ਟ੍ਰੇਵਲ ਏਜੇਂਟਾ ਵਿਰੁਧ ਮੁਕਦਮੇ ਦਰਜ਼ ਕੀਤੇ ਗਏ। ਇਸਤੋਂ ਬਾਅਦ ਦਾ ਵੇਰਵਾ ਹਾਲੇ ਆਉਣਾ ਹੈ।

ਸਰਕਾਰ ਨੇ ਕੀਤਾ ਰੁਜ਼ਗਾਰ ਦਾ ਵਾਅਦਾ

ਸਾਲ 2014 ਵਿੱਚ ਵੀ ਅਕਾਲੀ -ਭਾਜਪਾ ਸਰਕਾਰ ਆਉਣ 'ਤੇ ਰੁਜ਼ਗਾਰ ਨੀਤੀ ਦਾ ਵਾਇਦਾ ਕੀਤਾ ਗਿਆ ਸੀ, ਪਰ ਕੁਛ ਨਹੀਂ ਕੀਤਾ ਗਿਆ। ਸਾਲ 2017 ਵਿਚ ਕੈਪਟਨ ਸਰਕਾਰ ਘਰ ਘਰ ਰੋਜ਼ਗਾਰ ਦੇ ਵਾਇਦੇ ਨਾਲ ਸੱਤਾ ਵਿਚ ਆਈ। ਤਦ 28.50 ਲੱਖ ਨੌਜਵਾਨਾਂ ਨੇ ਕਾਂਗਰਸ ਦੇ ਉੱਦਮ 'ਤੇ ਬੇਰੁਜ਼ਗਾਰੀ ਫਾਰਮ ਭਰੇ ਸਨ।

ਭਾਵੇਂ ਮੁੱਖ ਮੰਤਰੀ ਬਦਲ ਗਏ, ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਚਰਨਜੀਤ ਸਿੰਘ ਚੰਨੀ ਆ ਗਏ, ਪਰ ਸਾਲ 2017 ਵਿੱਚ ਕਾਂਗਰਸ ਦਾ ਮੈਨੀਫੈਸਟੋ ਬਣਾਉਣ ਵਾਲੇ ਤਾਂ ਹਾਲੇ ਵੀ ਕਾਂਗਰਸ ਦਾ ਹਿੱਸਾ ਹਨ। ਹੁਣ ਤਕ ਸਰਕਾਰ ਦਾ ਦਾਅਵਾ ਹੈ ਕਿ ਉਸਨੇ 12 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ। ਇਸ ਵਿੱਚ ਨਿੱਜੀ ਨੌਕਰੀਆਂ, ਸਵੈ ਰੁਜ਼ਗਾਰ ਅਤੇ ਬਹੁਤ ਘੱਟ ਸਰਕਾਰੀ ਨੌਕਰੀਆਂ ਵੀ ਹਨ। ਜਦਕਿ ਪੰਜਾਬ ਵਿਚ ਬੇਰੁਜ਼ਗਾਰੀ ਦਰ ਪਹਿਲਾ ਨਾਲੋਂ ਵੱਧ ਹੋਈ ਹੈ।

ਸਰਕਾਰ ਦੇ ਸਾਲ 2020-21 ਦੇ ਆਰਥਿਕ ਸਰਵੇਖਣ ਅਨੁਸਾਰ, ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 21 ਫ਼ੀਸਦੀ ਹੈ, ਜੋ ਕਿ ਗੰਭੀਰ ਅੰਕੜਾ ਹੈ। ਯੋਗਿਤਾ ਦੇ ਮੁਕਾਬਲੇ ਛੋਟੀ ਨੌਕਰੀ ਜਾਂ ਫਿਰ ਬੇਰੁਜ਼ਗਾਰੀ ਅਤੇ ਅੰਦੋਲਨ ਅਜਿਹੇ ਦ੍ਰਿਸ਼ ਪੰਜਾਬ ਵਿੱਚ ਆਮ ਹੀ ਦੇਖੇ ਜਾ ਸਕਦੇ ਹਨ। ਚੋਣਾਂ ਦੇ ਅਖੀਰਲੇ ਸਾਲ ਵਿੱਚ ਤਾਂ ਇੱਕ ਵੀ ਦਿਨ ਅਜਿਹਾ ਨਹੀਂ ਸੀ ਜਦ ਕਿਸੇ ਨਾ ਕਿਸੇ ਕਾਰਨ ਪੰਜਾਬ ਦੀ ਕੋਈ ਮੁੱਖ ਸੜਕ ਜਾਮ ਨਾ ਕੀਤੀ ਗਈ ਹੋਵੇ। ਜਦਕਿ ਵਿਦੇਸ਼ਾਂ ਦੇ ਬਾਰੇ ਅਜਿਹਾ ਪ੍ਰਭਾਵ ਹੈ ਕਿ ਉੱਥੇ ਮਿਹਨਤ ਦਾ ਮੁੱਲ ਮਿਲਦਾ ਹੈ। ਇਸੇ ਕਰਕੇ ਹੀ ਲੋਕ ਆਪਣੀ ਜਮੀਨ ਜਾਇਦਾਦ ਵੇਚ ਕੇ ਵੀ ਵਿਦੇਸ਼ਾਂ ਵਿਚ ਮਜਦੂਰੀ ਕਰਨ, ਟਰੱਕ ਡਰਾਈਵਰੀ ਕਰਨ ਨੂੰ ਵੀ ਤਰਜੀਹ ਦੇਣਾ ਪਸੰਦ ਕਰਦੇ ਹਨ।

ਇਸ ਵਾਰ ਆਮ ਆਦਮੀ ਪਾਰਟੀ, ਭਾਜਪਾ ਗਠਜੋੜ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ ਨੇ ਆਪਣੇ ਚੋਣ ਮੈਨੀਫੈਸਟੋ ਅਤੇ ਨੁਕਤਾ ਪੱਤਰਾਂ ਵਿੱਚ ਰੁਜ਼ਗਾਰ ਦੇ ਵੱਡੇ-ਵੱਡੇ ਵਾਇਦੇ ਕੀਤੇ ਹਨ। ਵਿਦੇਸ਼ ਭੇਜਣ ਦੇ ਨਾਂਅ ਹੇਠ ਲੋਕਾਂ ਨੂੰ ਲੁੱਟ ਤੋਂ ਵੀ ਬਚਾਉਣ ਦੇ ਵਾਇਦੇ ਹਨ, ਪਰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਸਰਕਾਰਾਂ 'ਤੇ ਭਰੋਸਾ ਹੀ ਨਹੀਂ ਹੋ ਰਿਹਾ।

ਵਾਅਦੇ ਨਹੀਂ ਹੋਏ ਪੂਰੇ

ਈਜੀਐੱਸ ਅਧਿਆਪਕ ਯੂਨੀਅਨ ਦੇ ਆਗੂ ਨਿਸ਼ਾਂਤ ਕੁਮਾਰ ਦਾ ਕਹਿਣਾ ਸੀ ਕਿ ਸਿਆਸਤਦਾਨ ਸਿਰਫ ਆਪਣੇ ਫਾਇਦੇ ਲਈ ਹੀ ਰੁਜ਼ਗਾਰ ਦਾ ਵਾਇਦੇ ਕਰਦੇ ਹਨ। ਜਦ ਉਹ ਸੱਤਾ ਵਿੱਚ ਆ ਜਾਂਦੇ ਹਨ ਤਾਂ ਵਾਇਦੇ ਹੀ ਨਹੀਂ ਭੁੱਲਦੇ ਸਗੋਂ ਵਾਇਦੇ ਯਾਦ ਕਰਵਾਉਣ ਵਾਲਿਆਂ ਦੀ ਕੁੱਟ ਮਾਰ ਅਤੇ ਲਾਠੀ ਚਾਰਜ ਵੀ ਕਰਵਾਉਂਦੇ ਹਨ। ਨਿਸ਼ਾਂਤ ਕੁਮਾਰ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਦੇ ਆਗੂਆਂ ਨੇ ਉਨ੍ਹਾਂ ਦੇ ਅੰਦੋਲਨ ਵਿੱਚ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਵਿੱਚ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਉਨ੍ਹਾਂ ਨੂੰ ਪੰਜ ਸਾਲ ਅੰਦੋਲਨਾਂ, ਲਾਠੀ ਚਾਰਜ ਨਾਲ ਹੀ ਰੂਬਰੂ ਹੋਣਾ ਪਿਆ। ਜਦਕਿ ਸਿਰਫ 6 ਹਜ਼ਾਰ ਰੁਪਏ ਮਹੀਨੇ ਦੀ ਇਸ ਨੌਕਰੀ ਵਿਚ ਐਮਏ, ਐਮ ਫਿਲ ਤਕ ਪੜੇ ਨੌਜਵਾਨ ਸ਼ਾਮਲ ਹਨ।

ਵਿਦੇਸ਼ ਜਾਣ ਦੀ ਲੱਗੀ ਦੌੜ ਬਾਰੇ ਮੋਹਾਲੀ ਸਥਿਤ ਸਵਦੇਸ਼ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਮੁਖੀ ਦੀਪਕ ਕੰਬੋਜ ਦਾ ਕਹਿਣਾ ਸੀ ਕਿ ਬਹੁਤਿਆਂ ਦੀ ਸਟੂਡੈਂਟ ਵੀਜ਼ਾ ਮਗਰੋਂ ਦੂਸਰੀ ਤਰਜੀਹ ਆਮ ਤੌਰ ’ਤੇ ਰੁਜ਼ਗਾਰ ਵੀਜ਼ਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਵੀਜ਼ਾ ਵੀ ਕੋਈ ਸਸਤਾ ਸੌਦਾ ਨਹੀਂ ਹੈ। ਆਮ ਤੌਰ ’ਤੇ 25 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਜਾਂਦੇ ਹਨ, ਜਿਸ ’ਤੇ ਔਸਤਨ 25 ਤੋਂ 35 ਲੱਖ ਰੁਪਏ ਖਰਚ ਆਉਂਦਾ ਹੈ। ਇਨ੍ਹਾਂ ’ਚੋਂ ਕਾਫ਼ੀ ਪ੍ਰੋਫੈਸ਼ਨਲ ਡਿਗਰੀ ਵਾਲੇ ਵੀ ਹੁੰਦੇ ਹਨ। ਇਸ ਤੋਂ ਬਿਨਾਂ ਜੋ ਬਿਜ਼ਨਸ ਜਾਂ ਟੂਰਿਸਟ ਵੀਜ਼ਾ ’ਤੇ ਵਿਦੇਸ਼ ਜਾਂਦੇ ਹਨ, ਉਹ ਵੀ ਵਿਦੇਸ਼ ਜਾ ਕੇ ਆਪਣਾ ਸਟੇਟਸ ਰੁਜ਼ਗਾਰ ਵੀਜ਼ਾ ਵਾਲਾ ਕਰ ਲੈਂਦੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਸੇਵਾਮੁਕਤ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ 'ਚ ਜੋ ਅਸੰਤੋਸ਼ ਦੇਖਿਆ ਜਾ ਰਿਹਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਸ਼ੁਰੂਆਤ ਵਿੱਚ ਤਨਖਾਹ ਬਹੁਤ ਘੱਟ ਹੈ। ਘੱਟ ਤਨਖ਼ਾਹ ਵਾਲੀ ਸੂਬਾ ਸਰਕਾਰ ਪ੍ਰਾਈਵੇਟ ਸੈਕਟਰ ਵਿੱਚ ਰੁਜ਼ਗਾਰ ਮੰਗਣ ਵਾਲੇ ਕਾਮਿਆਂ ਦੀ ਸੌਦੇਬਾਜ਼ੀ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦਾ ਪਹਿਲਾਂ ਹੀ (ਪੰਜਾਬ ਵਿੱਚ) ਬੁਰਾ ਹਾਲ ਹੈ। ਇਸ ਲਈ, ਹਰ ਕੋਈ ਘੱਟ ਤਨਖਾਹ ਦਿੰਦਾ ਹੈ। ਇਸਦੇ ਨਾਲ ਹੀ ਕੋਰੋਨਾ ਦੇ ਆਧਾਰ 'ਤੇ ਵੀ ਤਨਖਾਹਾਂ ਵਿਚ ਕਟੋਤੀ ਹੋਈ ਹੈ।

ਇਹ ਵੀ ਪੜੋ:ਮਿਲੇਗਾ ਸੱਚਾ ਪਿਆਰ ਜਾਂ ਟੁੱਟੇਗਾ ਦਿਲ, ਜਾਣੋ ਆਪਣੀ ਰਾਸ਼ੀ ਦਾ ਪੂਰਾ ਹਾਲ

ਦੂਜਾ ਨੌਜਵਾਨਾਂ ਵਿੱਚ ਇਹ ਵੀ ਪ੍ਰਭਾਵ ਬਣਿਆ ਹੈ ਕਿ ਐਥੇ ਨਾ ਤੋਂ ਨੌਕਰੀ ਮਿਲਣੀ ਹੈ ਅਤੇ ਨਾ ਹੀ ਚੰਗਾ ਜੀਵਨ ਪੱਧਰ। ਵੱਡੀ ਗੱਲ ਇਹ ਵੀ ਹੈ ਕਿ ਸਿਆਸੀ ਆਗੂਆਂ ਦੇ ਝੂਠੇ ਵਾਇਦਿਆਂ ਤੋਂ ਵੀ ਨੌਜਵਾਨਾਂ ਦਾ ਭਰੋਸਾ ਉੱਠ ਗਿਆ ਹੈ। ਇਸੇ ਲਈ ਨੌਜਵਾਨ ਵਿਦੇਸ਼ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ।

ABOUT THE AUTHOR

...view details