ਚੰਡੀਗੜ੍ਹ:ਪੰਜਾਬ ਦੀ ਕੋਇਲ ਦੀ ਆਵਾਜ਼ ਤੋਂ ਮਸ਼ਹੂਰ ਪੰਜਾਬੀ ਲੋਕ ਗਾਇਕਾ (punjabi Folk singer) ਗੁਰਮੀਤ ਬਾਵਾ (Gurmeet Bawa) ਦਾ ਦੇਹਾਂਤ ਹੋ ਗਿਆ ਹੈ, ਜਿਹਨਾਂ ਦੇ 77 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਗੁਰਮੀਤ ਬਾਵਾ ਦੇ ਦੇਹਾਂਤ ਤੋਂ ਮਗਰੋਂ ਪੂਰੇ ਸੰਗੀਤ ਜਗਤ ਵਿੱਚ ਸੋਗ ਦਾ ਮਾਹੌਲ ਹੈ। ਉਹਨਾਂ ਦੇ ਦੇਹਾਂਤ ਮੌਕੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਤੇ ਪਰਿਵਾਰ ਨਾਲ ਦੁਖ ਸਾਂਝਾ ਕਰ ਰਿਹਾ ਹੈ।
ਇਹ ਵੀ ਪੜੋ:ਪੰਜਾਬੀ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ
ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਟਵੀਟ ਰਾਹੀ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਮੀਤ ਬਾਵਾ ਜੀ ਦੇ ਦੇਹਾਂਤ ਦੀ ਖ਼ਬਰ ਸੁਣਕੇ ਦੁੱਖੀ ਹਾਂ। ਪੰਜਾਬੀ ਲੋਕ ਸੰਗੀਤ ਚ ਉਨ੍ਹਾਂ ਦਾ ਨਾ ਦੱਸਣਯੋਗ ਯੋਗਦਾਨ ਹੈ। ਮੇਰੀਆਂ ਦਿਲੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ (Gurmeet Bawa) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ।
ਉਥੇ ਹੀ ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾਂ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਰੰਧਾਵਾ ਤੇ ਪਰਗਟ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਿਆਂ ਗੁਰਮੀਤ ਬਾਵਾ ਦੇ ਪਰਿਵਾਰ, ਸਾਕ-ਸਨੇਹੀਆਂ ਤੇ ਪ੍ਰਸੰਸਕਾਂ ਨਾਲ ਦੁੱਖ ਵੀ ਸਾਂਝਾ ਕੀਤਾ।
ਸੁਖਬੀਰ ਸਿੰਘ ਬਾਦਲ
ਪ੍ਰਸਿੱਧ ਪੰਜਾਬੀ ਗਾਇਕਾ ਸ਼੍ਰੀਮਤੀ ਦੇ ਦੇਹਾਂਤ 'ਤੇ ਦਿਲੀ ਅਫਸੋਸ, ਗੁਰਮੀਤ ਬਾਵਾ ਜੀ। ਪੰਜਾਬੀ ਸੰਗੀਤਕ ਸਨਅਤ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਬਿਕਰਮ ਮਜੀਠੀਆ
ਉੱਘੇ ਪੰਜਾਬੀ ਗਾਇਕ ਗੁਰਮੀਤ ਬਾਵਾ ਜੀ ਦੇ ਵਿਛੋੜੇ 'ਤੇ ਬਹੁਤ ਦੁੱਖ ਹੋਇਆ। ਉਸਦੀ ਗਾਇਕੀ ਦੀ ਵਿਲੱਖਣ ਸ਼ੈਲੀ ਨੇ ਉਸਦੇ ਕਈ ਪ੍ਰਸ਼ੰਸਕਾਂ ਨੂੰ ਜਿੱਤ ਲਿਆ ਅਤੇ ਕਈਆਂ ਦੇ ਦਿਲਾਂ ਨੂੰ ਖੁਸ਼ੀ ਦਿੱਤੀ। ਪੰਜਾਬ ਨੇ ਇੱਕ ਸਿਤਾਰਾ ਅਤੇ ਇੱਕ ਆਈਕਨ ਗੁਆ ਦਿੱਤਾ ਹੈ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।
ਸਤਿੰਦਰ ਸੱਤੀ
ਪਹਿਲੀ ਵਾਰ ਮੈਨੂੰ ਬਾਵਾ uncle ਦਾ ਫੋਨ ਆਇਆ ਕੇ Amristar ਪ੍ਰੋਗਰਾਮ ਕਰਨਾ ਕਿਉਂਕਿ ਮੈਂ ਗਲੋਰੀ ਤੇ ਲਾਚੀ ਨੂੰ ਪਹਿਲਾ ਜਾਣਦੀ ਸੀ ਪਰ ਗੁਰਮੀਤ ਬਾਵਾ ਜੀ ਨੂੰ ਮਿਲਣ ਦਾ ਪਹਿਲਾ ਮੌਕਾ ਸੀ ! ਮੈਂ ਓਹਨਾ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸੀ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਫਿਰ ਸਾਨੂੰ ਉਹ ਆਪਣੇ ਘਰ ਲੈ ਗਏ ਕਹਿੰਦੇ ਅੱਜ ਤੋਂ ਤੂੰ ਮੇਰੀ ਬੇਟੀ ਏ ਤੇ ਫਿਰ ਸਾਰੀ ਉਮਰ ਓਹਨਾ ਮੇਰੇ ਨਾਲ ਮਾਂਵਾਂ ਵਾਂਗ ਨਿਭਾਈ , ਆਰਟ council ਦੀ ਚੇਅਰਪਰਸਨ ਬਣਨ ਤੇ ਕਿਧਰੇ ਫੋਨ ਤੇ ਓਹਨਾ ਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਕੁਛ ਗ਼ਲਤ ਹੁੰਦਾ ਤਾ ਬੜੇ ਦੁਖੀ ਹੁੰਦੇ ਬੜਾ ਘੱਟ ਬੋਲਦੇ ਸਨ ਪਰ ਮੋਹਬਤ ਓਹਨਾ ਦੇ ਰੋਮ ਰੋਮ ਚ ਸੀ ਆਰਟ ਕਾਉਂਸਿਲ ਰਾਹੀਂ ਜਦੋ ਪੂਰੇ ਪੰਜਾਬ ਚ ਤੀਆਂ ਕਰਾਈਆ ਤਾਂ ਕਹਿੰਦੇ ਤੂੰ ਤਾ ਮੈਨੂੰ ਫਿਰ ਜਾਵਾਨ ਕਰਤਾ ਥੋੜੀ ਦੇਰ ਪਹਿਲਾ ਭੈਣ ਲਾਚੀ ਚਲੀ ਗਈ ਤੇ ਇਸ ਦਾ ਝੋਂਰਾ ਓਹਨਾ ਨੂੰ ਲੈ ਬੈਠਾ ਗਲੋਰੀ ਦਾ ਫੋਨ ਆਇਆ ਹੋਕੇ ਵਿਰਲਾਪ ਕਿ ਕਹਾ ਕੁਛ ਸਮਝ ਨਹੀਂ ਆ ਰਹੀ ਲੰਬੀ ਹੇਕ ਦੀ ਰਾਣੀ ਨਾਲ ਇਕ ਯੁਗ ਖਤਮ ਹੋ ਗਿਆ ਮਾਂ ਅਲਵਿਦਾ।