ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ(Punjab Vigilance Bureau) ਨੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ ਤਾਇਨਾਤ ਮਾਲ ਪਟਵਾਰੀ(Revenue Patwari) ਕੋਲੋਂ ਰਿਸ਼ਵਤ ਵਜੋਂ ਪੈਸੇ ਇਕੱਠੇ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤਾ ਵਿਅਕਤੀ ਮੁੱਖ ਮੁਲਜ਼ਮ ਦਾ ਲੜਕਾ ਹੈ, ਜਿਸਦਾ ਪਿਤਾ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ ਦੱਸ ਕੇ ਪਟਵਾਰੀ ਤੋਂ ਰਿਸ਼ਵਤ ਦੀ ਮੰਗ ਕਰਦਾ ਸੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜਪੁਰਾ ਕਸਬੇ ਦਾ ਵਾਸੀ ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਗੁੱਡੂ ਰਾਜਪੁਰਾ ਵਿਖੇ ਤਾਇਨਾਤ ਧਰਮਪਾਲ ਸਿੰਘ ਮਾਲ ਪਟਵਾਰੀ ਨੂੰ ਬਲੈਕਮੇਲ ਕਰਕੇ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ ਦੱਸਦਾ ਸੀ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਟਵਾਰੀ ਨੇ ਬਿਊਰੋ ਤੱਕ ਪਹੁੰਚ ਕੀਤੀ ਅਤੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਹਰਕਤ 'ਚ ਆਇਆ ਅਤੇ ਤੱਥਾਂ ਦਾ ਪਤਾ ਲਗਾਉਣ ਤੋਂ ਬਾਅਦ ਬਿਊਰੋ ਦੀ ਟੀਮ ਨੇ ਇੱਕ ਯੋਜਨਾ ਤਿਆਰ ਕੀਤੀ। ਉਧਰ ਇਸ ਸਬੰਧੀ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਨੇ ਖ਼ੁਦ ਪਹੁੰਚਣ ਦੀ ਥਾਂ ਆਪਣੇ ਪੁੱਤਰ ਗੁਰਧਿਆਨ ਸਿੰਘ ਨੂੰ ਸ਼ਿਕਾਇਤਕਰਤਾ ਪਟਵਾਰੀ ਤੋਂ ਪੈਸੇ ਲੈਣ ਲਈ ਭੇਜਿਆ।ਜਿਸ ਤੋਂ ਬਾਅਦ ਬਿਊਰੋ ਦੀ ਟੀਮ ਨੇ ਤੁਰੰਤ ਗੁਰਧਿਆਨ ਸਿੰਘ ਨੂੰ ਰੇਲਵੇ ਪੁੱਲ ਰਾਜਪੁਰਾ ਦੇ ਨਜ਼ਦੀਕ ਮੌਕੇ 'ਤੇ ਪਟਵਾਰੀ ਕੋਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।