ਚੰਡੀਗੜ੍ਹ:ਕਰੋੜਾਂ ਰੁਪਏ ਦੀ ਜ਼ਮੀਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹੜੱਪਣ ਵਾਲੇ ਭੂ-ਮਾਫੀਆ ਖਿਲਾਫ ਸ਼ਿਕੰਜਾ ਕੱਸਦਿਆਂ ਪੰਜਾਬ ਵਿਜੀਲੈਂਸ ਬਿਊਰੋ Punjab Vigilance Bureau has arrested two persons ਨੇ ਅੱਜ ਵੀਰਵਾਰ ਨੂੰ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਕੋਨਾ ਵਾਸੀ ਪਰਵੀਨ ਕੁਮਾਰ ਅਤੇ ਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਦੀ ਲਗਭਗ 558 ਏਕੜ (4624 ਕਨਾਲਾਂ) ਸ਼ਾਮਲਾਟ ਜ਼ਮੀਨ ਦੇ ਇੰਤਕਾਲ ਸਬੰਧੀ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਦੇ ਆਰੋਪ 'ਚ ਹੋਰਨਾਂ ਸਮੇਤ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਬਿਓਰੋ ਵੱਲੋਂ ਪਿੰਡ ਮਾਜਰੀਆਂ, ਸਬ ਤਹਿਸੀਲ ਮਾਜਰੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਮਾਲ ਰਿਕਾਰਡ ਨਾਲ ਕੀਤੀ ਛੇੜਛਾੜ ਸਬੰਧੀ 2019 ਵਿੱਚ ਮੋਹਾਲੀ ਵਿਖੇ ਦਰਜ ਸ਼ਿਕਾਇਤ ਨੰ. 370 ਦੀ ਪੜਤਾਲ ਉਪਰੰਤ ਪਹਿਲਾਂ ਹੀ ਸਬ ਤਹਿਸੀਲ ਮਾਜਰੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, 477-ਏ, 201, 120-ਬੀ ਤਹਿਤ ਐਫ.ਆਈ.ਆਰ. ਨੰਬਰ 06 ਮਿਤੀ 08-05-2021 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਫੇਜ਼-1, ਐਸ.ਏ.ਐਸ.ਨਗਰ ਵਿਖੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਹੋਇਆ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਆਰੋਪੀ ਵੀਰ ਸਿੰਘ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ ਪਿੰਡ ਮਜਾਰੀਆਂ ਦੀ 17 ਏਕੜ (136 ਕਨਾਲ) ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਅਤੇ ਇਸ ਜ਼ਮੀਨ ਨੂੰ ਅੱਗੇ ਜਨਰਲ ਪਾਵਰ ਆਫ਼ ਅਟਾਰਨੀ (ਜੀ.ਪੀ.ਏ.) ਰਾਹੀਂ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਇਸੇ ਤਰ੍ਹਾਂ ਦੂਜੇ ਆਰੋਪੀ ਪਰਵੀਨ ਕੁਮਾਰ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ 80 ਕਨਾਲ ਜ਼ਮੀਨ ਦੀ ਜੀ.ਪੀ.ਏ. ਫ਼ਰਜ਼ੀ ਵਿਅਕਤੀ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਂਅ 'ਤੇ ਬਣਾਈ, ਜਿਸ ਬਾਰੇ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਅਤੇ ਇਸ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ।