ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਨੋਟਿਸ ਜਾਰੀ ਕਰਕੇ ਆਪਣਾ ਅਸਤੀਫ਼ਾ ਵਾਪਸ ਕਰ ਚੁੱਕੇ ਵਿਧਾਇਕਾਂ ਤੋਂ ਜਵਾਬ ਤਲਬ ਕੀਤਾ ਹੈ। ਰਾਣਾ ਕੇਪੀ ਸਿੰਘ ਨੇ ਆਉਣ ਵਾਲੀ 31 ਦਸੰਬਰ ਤੱਕ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਸੁਖਪਾਲ ਖਹਿਰਾ ਨੂੰ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਨਾਜਰ ਸਿੰਘ ਮਾਨਸ਼ਾਹੀਆ ਨੂੰ 13 ਦਸੰਬਰ ਸਵੇਰੇ 11 ਵਜੇ ਸੱਦਿਆ ਗਿਆ ਹੈ ਤਾਂ ਕਿ ਉਹ ਆਪਣਾ ਪੱਖ ਵਿਧਾਨ ਸਭਾ ਦੇ ਸਪੀਕਰ ਦੇ ਦਰਮਿਆਨ ਰੱਖ ਸਕਣ।
ਦੱਸ ਦਈਏ, ਤਿੰਨ ਵਿਧਾਇਕਾਂ ਨੂੰ ਜਵਾਬ ਤਲਬ ਕੀਤਾ ਗਿਆ ਤੇ ਇੱਕ ਨੂੰ ਪੇਸ਼ ਹੋਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੱਤ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਤੋਂ ਰਹਿੰਦੀਆਂ ਸਨ ਜਿਸ ਵਿੱਚੋਂ 4 ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ ਤੇ 3 ਸੀਟਾਂ 'ਤੇ ਕਾਂਗਰਸ ਤੇ ਇੱਕ ਸੀਟ 'ਤੇ ਅਕਾਲੀ ਦਲ ਨੇ ਜਿੱਤ ਹਾਸਿਲ ਕੀਤੀ ਸੀ।
ਇਸ ਤੋਂ ਬਾਅਦ ਹੁਣ ਤਿੰਨ ਹਲਕੇ ਭਾਵ ਕਿ ਤਿੰਨ ਸੀਟਾਂ ਉਹ ਹਨ ਜਿਨ੍ਹਾਂ ਉੱਤੇ ਵਿਧਾਇਕ ਆਪਣੀ ਪਾਰਟੀ ਛੱਡ ਚੁੱਕੇ ਹਨ ਤੇ ਉਹ ਅਸਤੀਫ਼ਾ ਦੇ ਚੁੱਕੇ ਹਨ। ਇਨ੍ਹਾਂ ਵਿੱਚੋਂ ਰੂਪਨਗਰ ਤੋਂ ਵਿਧਾਇਕ ਅਮਰਜੀਤ ਸੰਦੋਆ ਪਹਿਲਾਂ ਲੋਕ ਸਭਾ ਚੋਣਾਂ ਦੇ ਸਮੇਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਇੱਕ ਖਿੱਚੋਤਾਣ ਚੱਲ ਰਹੀ ਸੀ। ਇਸ ਦੇ ਨਾਲ ਹੀ ਸੰਦੋਆ ਨੇ ਮੁੜ ਤੋਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਦਿੱਤਾ ਸੀ ਜੋ ਕਿ ਕੁਝ ਦਿਨ ਪਹਿਲਾਂ ਸੰਦੋਆ ਨੇ ਮੁੜ ਵਾਪਸ ਲੈ ਲਿਆ ਤੇ ਕਾਂਗਰਸ ਨਾਲ ਆਪਣੀ ਨਾਰਾਜ਼ਗੀ ਉਵੇਂ ਹੀ ਕਾਇਮ ਰੱਖੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ ਪਰ ਕਾਂਗਰਸ ਤੋਂ ਕੁਝ ਖ਼ਾਸ ਆਦਰ ਸਤਿਕਾਰ ਨਾ ਮਿਲਣ ਕਰਕੇ ਉਹ ਵੀ ਪਾਰਟੀ ਤੋਂ ਨਾਰਾਜ਼ ਹਨ। ਇਸ ਤੋਂ ਇਲਾਵਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਵਾਪਿਸ ਲੈ ਲਿਆ ਸੀ।