ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਸਰਕਾਰ ਵੱਲੋਂ ਹੁਣ ਸਰਕਾਰੀ ਗੱਡੀਆਂ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ। ਮਾਨ ਸਰਕਾਰ ਵੱਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਗੱਡੀ ਵਾਪਸ ਨਾ ਕਰਨ 'ਤੇ ਨੋਟਿਸ ਜਾਰੀ (Notice issued to Sukhjinder Singh Randhawa to return Minister's vehicle) ਕੀਤਾ ਗਿਆ।
ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਰੰਧਾਵਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਰਾਹੀਂ ਟਰਾਂਸਪੋਰਟ ਵਿਭਾਗ ਵੱਲੋਂ ਰੰਧਾਵਾ ਨੂੰ ਕੈਬਨਿਟ ਰੈਂਕ ਵਾਲੀ ਗੱਡੀ ਵਾਪਿਸ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇਸ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਗੱਡੀ ਸਿਰਫ਼ ਕੈਬਨਿਟ ਰੈਂਕ ਲਈ ਮਿਲਦੀ ਹੈ। ਇਸ ਲਈ ਇਹ ਗੱਡੀ ਵਾਪਸ ਕਰਨ ਦੀ ਖੇਚਲ ਕੀਤੀ ਜਾਵੇ। ਇਸ ਪੱਤਰ ਵਿਚ ਗੱਡੀ ਦਾ ਨੰਬਰ ਵੀ ਲਿਖਿਆ ਗਿਆ ਹੈ ਅਤੇ ਇਹ ਇਨੋਵਾ ਕ੍ਰਿਸਟਾ ਗੱਡੀ ਦਾ ਟੌਪ ਮਾਡਲ ਹੈ।
ਵਿਭਾਗ ਵੱਲੋਂ ਰੰਧਾਵਾ ਨੂੰ ਕਿਹਾ ਗਿਆ ਹੈ ਕਿ ਇਹ ਕੈਬਨਿਟ ਰੈਂਕ ਵਾਲੀ ਗੱਡੀ ਨੂੰ ਜਮ੍ਹਾ ਕਰਵਾਇਆ ਜਾਵੇ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਗੱਡੀ ਦੇ ਜਮ੍ਹਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਗੱਡੀ ਬਦਲ ਕੇ ਦਿੱਤੀ ਜਾਵੇਗੀ।