ਚੰਡੀਗੜ੍ਹ:ਪੰਜਾਬ ਦੀਆਂ 23 ਕਿਸਾਨ ਜੱਥੇਬੰਦੀਆਂ ਵੱਲੋਂ ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨੀ ਧਰਨੇ ਕਾਰਨ ਸਰਕਾਰ ਉੱਪਰ ਮਸਲੇ ਦੇ ਹੱਲ ਨੂੰ ਲੈਕੇ ਲਗਾਤਾਰ ਦਬਾਅ ਬਣ ਰਿਹਾ ਸੀ। ਇਸ ਮਸਲੇ ਦੇ ਹੱਲ ਨੂੰ ਲੈਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ। ਇਸ ਸਹਿਮਤੀ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ 12 ਮੰਗਾਂ ਮੰਨ ਲਈਆਂ ਗਈਆਂ ਹਨ।
ਇਸ ਖਤਮ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿੱਚ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਨਾਲ ਚੰਗੇ ਮਾਹੌਲ ਵਿੱਚ ਮੀਟਿੰਗ ਹੋਈ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਮੀਟਿੰਗ ਨੂੰ ਲੈਕੇ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ 70 ਫੀਸਦੀ ਮੰਗਾਂ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ।
ਇਸਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਜੋ ਰਹਿੰਦੀਆਂ ਮੰਗਾਂ ਅਤੇ ਉਹ ਕੇਂਦਰ ਨਾਲ ਸਬੰਧਿਤ ਹਨ ਉਸ ਉੱਪਰ ਵੀ ਪੰਜਾਬ ਸਰਕਾਰ ਨੇ ਸਹਿਮਤੀ ਜਤਾਈ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੋ ਮੁਹਾਲੀ ਅਤੇ ਚੰਡੀਗੜ੍ਹ ਸਰਹੱਦ ਉੱਪਰ ਧਰਨਾ ਦਿੱਤਾ ਜਾ ਰਿਹਾ ਸੀ ਉਸ ਨੂੰ ਖਤਮ ਕਰ ਦਿੱਤਾ ਹੈ। ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਿਸਾਨਾਂ ਦੇ ਧਰਨੇ ਵਿੱਚ ਪਹੁੰਚ ਧਰਨੇ ਨੂੰ ਸਮਾਪਤ ਕਰਵਾਇਆ ਹੈ।
ਕਈ ਅਹਿਮ ਮੰਗਾਂ ਮੰਨੀਆਂ: ਸਰਕਾਰ ਵੱਲੋਂ ਜੋ ਕਿਸਾਨਾਂ ਦੀਆਂ ਅਹਿਮ ਮੰਗਾਂ ਮੰਨੀਆਂ ਗਈਆਂ ਹਨ ਉਨ੍ਹਾਂ ਵਿੱਚ ਝੋਨਾ ਲਗਾਉਣ ਨੂੰ ਲੈਕੇ ਵੀ ਕਿਸਾਨਾਂ ਦੀ ਮੰਗ ਸੀ। ਹੁਣ ਝੋਨਾ 4 ਜ਼ੋਨਾ ਦੀ ਬਜਾਇ 2 ਜ਼ੋਨਾਂ ਵਿਚ ਲਗਾਇਆ ਜਾਵੇਗਾ। ਇਸ ਮੰਗ ਅਨੁਸਾਰ ਪਹਿਲੇ ਜ਼ੋਨ ਵਿੱਚ 14 ਜੂਨ ਅਤੇ ਦੂਜੇ ਜ਼ੋਨ ਵਿੱਚ 17 ਜੂਨ ਨੂੰ ਝੋਨਾ ਲਗਾਇਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡਿਆ ਸੀ।
ਮਹੱਤਵਪੂਰਨ ਮੰਗ ਕਿਸਾਨਾਂ ਦੀ ਐਮਐਸਪੀ ਨੂੰ ਲੈਕੇ ਸੀ। ਇਸ ਸਬੰਧੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੂੰਗੀ ਅਤੇ ਬਾਸਮਤੀ ਸਬੰਧੀ ਨੋਟੀਫਿਕੇਸ਼ਨ ਵਿਖਾ ਕੇ ਭਰੋਸੇ ਵਿੱਚ ਲਿਆ ਹੈ। ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦੇ ਮਸਲੇ ਨੂੰ ਲੈਕੇ ਕਿਸਾਨਾਂ ਦੀ 23 ਮਈ ਨੂੰ ਸਰਕਾਰ ਦੇ ਨਾਲ ਮੁੜ ਮੀਟਿੰਗ ਹੋਵੇਗੀ। ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ। ਦੱਸ ਦਈਏ ਕਿ ਬੇਜ਼ਮੀਨੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਜਿਸਨੂੰ ਲੈਕੇ ਇਸ ਮਸਲੇ ਸਬੰਧੀ ਚਰਚਾ ਕੀਤੀ ਜਾਵੇਗੀ ਅਤੇ ਵੱਖਰੇ ਤੌਰ ਉੱਪਰ ਵਿਚਾਰਿਆ ਜਾਵੇਗਾ।
ਮੂੰਗੀ ਦਾ ਮੁੱਲ ਤੈਅ ਕਰਕੇ ਕਿਸਾਨਾਂ ਨੂੰ ਦਿੱਤਾ ਗਿਆ ਹੈ। ਕਿਸਾਨਾਂ ਦੇ ਕੁਰਕੀ ਵਾਰੰਟ ਨਹੀਂ ਨਿਕਲਣਗੇ ਤੇ ਨਾ ਹੀ ਕੋਈ ਗ੍ਰਿਫਤਾਰ ਕੀਤਾ ਜਾਵੇਗਾ।