ਚੰਡੀਗੜ੍ਹ: ਇਨਕਮ ਟੈਕਸ ਦੀ ਛਾਪੇਮਾਰੀ (Income tax raid) ਆਮ ਗੱਲ ਹੈ ਤੇ ਵੱਡੇ ਕਾਰੋਬਾਰੀਆਂ ਤੇ ਨੇਤਾਵਾਂ ’ਤੇ ਇਹ ਕੇਂਦਰੀ ਏਜੰਸੀ ਕਾਰਵਾਈ ਕਰਦੀ ਰਹਿੰਦੀ ਹੈ। ਇਨਕਮ ਟੈਕਸ ਤੋਂ ਇਲਾਵਾ ਦੂਜੀ ਪ੍ਰਭਾਵਸ਼ਾਲੀ ਤੇ ਵੱਧ ਜਾਣੇ ਜਾਣ ਵਾਲੀ ਜਾਂਚ ਏਜੰਸੀ ਸੀਬੀਆਈ ਹੈ। ਸੀਬੀਆਈ ਦੀ ਕਾਰਵਾਈ ਵਿੱਚ ਵੀ ਕਈ ਵੱਡੇ ਆਗੂ ਫਸਦੇ ਆਏ ਹਨ ਪਰ ਪਿਛਲੇ ਇੱਕ ਵਰ੍ਹੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ (Enforcement directorate) ਵਧੇਰੇ ਸਰਗਰਮ ਦਿਸੀ ਹੈ। ਹਾਲਾਂਕਿ ਈਡੀ ਦੀ ਪੰਜਾਬ ਵਿੱਚ ਕਾਰਵਾਈ ਪਿਛਲੇ 7 ਤੋਂ 8 ਸਾਲਾਂ ਤੋਂ ਚੱਲਦੀ ਆ ਰਹੀ ਹੈ।
ਇਹ ਕਾਰਵਾਈ ਨਸ਼ਾ ਤਸਕਰੀ (Drug racket) ਦੇ ਕੇਸ ਵਿੱਚ ਸ਼ੁਰੂ ਹੋਈ ਸੀ ਪਰ ਇਸ ਤੋਂ ਬਾਅਦ ਪੰਜਾਬ ਦੇ ਕਈ ਕਾਰੋਬਾਰ ਇਸ ਕੇਂਦਰੀ ਏਜੰਸੀ ਦੇ ਰਡਾਰ ’ਤੇ ਰਹੇ ਹਨ ਤੇ ਕਈਆਂ ’ਤੇ ਸ਼ਿਕੰਜਾ ਕਸਿਆ ਗਿਆ। ਈਡੀ ਦੀ ਕਾਰਵਾਈ ਨੂੰ ਜਿੱਥੇ ਕੇਂਦਰ ਵਿੱਚ ਸੱਤਾ ’ਤੇ ਵਿਰਾਜਮਾਨ ਭਾਜਪਾ ਵਿਰੋਧੀ ਧਿਰਾਂ ਬਦਲਾਖੋਰੀ ਦੀ ਕਾਰਵਾਈ ਕਰਨ ਦਾ ਦੋਸ਼ ਲਗਾਉਂਦੀਆਂ ਆ ਰਹੀਆਂ ਹਨ, ਉਥੇ ਭਾਜਪਾ ਆਗੂ ਇਸ ਨੂੰ ਈਡੀ ਦੀ ਆਮ ਤੇ ਸਹੀ ਕਾਰਵਾਈ ਕਰਾਰ ਦਿੰਦੇ ਰਹੇ।
ਪੰਜਾਬ ਦੀਆਂ ਲਗਭਗ ਸਾਰੀਆਂ ਧਿਰਾਂ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਵਿੱਚ ਕਾਰਵਾਈ ਨੂੰ ਸੂਬੇ ਵਿੱਚ ਕੇਂਦਰ ਦਾ ਦਖ਼ਲ ਤੇ ਬਦਲਾਖੋਰੀ ਦੀ ਕਾਰਵਾਈ ਦਾ ਦੋਸ਼ ਲਗਾਉਂਦੀਆਂ ਆ ਰਹੀਆਂ ਹਨ। ਈਡੀ ਤੋਂ ਇਲਾਵਾ ਪਿਛਲੇ ਵਰ੍ਹੇ ਬੀਐਸਐਫ ਦਾ ਮੁੱਦਾ ਵੀ ਕਾਫੀ ਵੱਡਾ ਮੁੱਦਾ ਰਿਹਾ ਤੇ ਕੇਂਦਰ ਇਸ ਨੂੰ ਕੌਮਾਂਤਰੀ ਸਰਹੱਦ ਨਾਲ ਅਤੇ ਹੋਰ ਦੂਜੇ ਸੂਬਿਆਂ ਦੀਆਂ ਕੌਮਾਂਤਰੀ ਸਰਹੱਦਾਂ ’ਤੇ ਵਧਾਏ ਦਾਇਰੇ ਦੇ ਨਾਲ ਜੋੜ ਕੇ ਪੇਸ਼ ਕਰਦਾ ਰਿਹਾ।
ਦੂਜੇ ਪਾਸੇ ਪੰਜਾਬ ਦੀਆਂ ਸਾਰੀਆਂ ਧਿਰਾਂ ਇਸ ਨੂੰ ਸੂਬਿਆਂ ਦੇ ਹੱਕਾਂ ਵਿੱਚ ਦਖ਼ਲ ਅੰਦਾਜੀ ਕਰਾਰ ਦਿੰਦੀਆਂ ਰਹੀਆਂ। ਕੇਂਦਰੀ ਏਜੰਸੀਆਂ ਦੀ ਇਹ ਕਾਰਵਾਈ ਪੰਜਾਬ ਦੀ ਸਿਆਸਤ ਦਾ ਧੁਰਾ ਬਣੀ ਰਹੀ ਤੇ ਇੱਕ ਦੂਜੇ ’ਤੇ ਇਲਜ਼ਾਮ ਲਗਾਏ ਜਾਂਦੇ ਰਹੇ। ਕੇਂਦਰੀ ਏਜੰਸੀਆਂ ਦੀ ਕਾਰਵਾਈ ਚੋਣਾਂ ਤੋਂ ਠੀਕ ਪਹਿਲਾਂ ਤੱਕ ਚਲਦੀ ਰਹੀ ਤੇ ਇੱਥੋਂ ਤੱਕ ਕਿ ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਵੱਡੀ ਕਾਰਵਾਈ ਕੀਤੀ।
ਇਨਕਮ ਟੈਕਸ ਦੀ ਕਾਰਵਾਈ:
1. ਕੈਪਟਨ ਅਮਰਿੰਦਰ ਸਿੰਘ ਪਰਿਵਾਰ ਵਿਰੁੱਧ ਵੀ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਸੀ। ਇਸ ਨੂੰ ਰਣਇੰਦਰ ਸਿੰਘ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਫਿਲਹਾਲ ਕੇਸ ਵਿਚਾਰ ਅਧੀਨ ਹੈ ਤੇ ਕਾਰਵਾਈ ਵੀ ਰੁਕੀ ਹੋਈ ਹੈ।
2. ਪੰਜਾਬ ਵਿੱਚ 2021 ਦੌਰਾਨ ਇਨਕਮ ਟੈਕਸ ਨੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ। ਲੁਧਿਆਣਾ ਦੀ ਸਾਈਕਲ ਇੰਡਸਟਰੀ ’ਤੇ ਵੱਡੀ ਕਾਰਵਾਈ ਹੋਈ ਤੇ ਛੇ ਸਨਅਤਕਾਰਾਂ ਦੇ ਟਿਕਾਣਿਆਂ ਤੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ।
3.ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਵੀ ਆਮਦਨ ਕਰ ਦਾ ਨੋਟਿਸ ਭੇਜਿਆ ਗਿਆ ਤੇ ਉਨ੍ਹਾਂ ਨਾਲ ਸਬੰਧਤ ਚੰਡੀਗੜ੍ਹ ਘਰ ਅਤੇ ਦਿੱਲੀ ਵਿਖੇ ਇੱਕ ਹੋਰ ਥਾਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਵੱਲੋਂ ਬੇਟੀ ਦੇ ਵਿਆਹ ’ਤੇ ਕੀਤੇ ਖਰਚ ਦੇ ਬਿਓਰੇ ਲਏ ਗਏ। ਖਹਿਰਾ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਤ ਕਰਾਰ ਦਿੱਤਾ।
4.ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ’ਤੇ ਵੀ ਕਾਰਵਾਈ ਕੀਤੀ ਗਈ। ਉਨ੍ਹਾਂ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਆਮਦਨ ਕਰ ਨੇ ਛਾਪੇਮਾਰੀ ਕੀਤੀ ਤੇ ਲੇਖਾ ਜੋਖਾ ਮੰਗਿਆ ਤੇ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ।
5.ਪੰਜਾਬ ਅਧਾਰਤ ਦੋ ਕੰਪਨੀਆਂ ਵਿਰੁੱਧ ਦਿੱਲੀ ਵਿਖੇ ਕਾਰਵਾਈ ਕੀਤੀ ਗਈ ਤੇ ਇਸੇ ਤਰ੍ਹਾਂ ਜਲੰਧਰ ਦੀ ਇੱਕ ਵੱਡੀ ਕੰਪਨੀ ਵਿਰੁੱਧ ਵੀ ਆਮਦਨ ਕਰ ਵਿਭਾਗ ਨੇ ਕਾਰਵਾਈ ਕੀਤੀ।
6.ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ’ਤੇ ਟਰੈਵਲ ਏਜੰਟ ਵੀ ਰਹੇ। ਇੱਕ ਇਮੀਗ੍ਰੇਸ਼ਨ ਕੰਪਨੀ ਤੇ ਸਿੱਖਿਆ ਅਦਾਰੇ ਤੋਂ ਇਲਾਵਾ ਕੁਝ ਕਮਿਸ਼ਨ ਏਜੰਟਾਂ ’ਤੇ ਵੀ ਛਾਪੇਮਾਰੀ ਕੀਤੀ ਗਈ।
7. ਨਵਜੋਤ ਸਿੱਧੂ ਵੀ ਇਨਕਮ ਟੈਕਸ ਦੀ ਕਾਰਵਾਈ ਦੇ ਦਾਇਰੇ ਵਿੱਚ ਆ ਗਏ। ਉਨ੍ਹਾਂ ਨੂੰ ਗਲਤ ਜਾਣਕਾਰੀ ਦੇਣ ਦਾ ਨੋਟਿਸ ਭੇਜਿਆ ਗਿਆ। ਹਾਲਾਂਕਿ ਨਵਜੋਤ ਸਿੱਧੂ ਜਾਣਕਾਰੀ ਨੂੰ ਸਹੀ ਦੱਸਦੇ ਰਹੇ ਪਰ ਉਨ੍ਹਾਂ ਨੂੰ ਰਾਹਤ ਲਈ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਿਆ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ)
1.ਈਡੀ ਵਧੇਰੇ ਸਰਗਰਮ ਰਹੀ ਤੇ ਇਸ ਨੇ ਪਿਛਲੇ ਵਰ੍ਹੇ ਸੁਖਪਾਲ ਖਹਿਰਾ ਵਿਰੁੱਧ ਕਾਰਵਾਈ ਕੀਤੀ। ਡਰੱਗਜ਼ ਕੇਸ ਵਿੱਚ ਪੁੱਛਗਿੱਛ ਕੀਤੀ ਗਈ ਤੇ ਵਖਰਾ ਮਾਮਲਾ ਦਰਜ ਕਰਕੇ ਗਿਰਫਤਾਰ ਕੀਤਾ ਗਿਆ। ਬਾਅਦ ਵਿੱਚ ਖਹਿਰਾ ਦੀ ਜਮਾਨਤ ਹੋ ਗਈ।
2.ਇਸੇ ਤਰ੍ਹਾਂ ਫਾਸਟਵੇ ਕੇਬਲ ਕਾਰੋਬਾਰੀ ਦੇ ਲੁਧਿਆਣਾ ਵਿਖੇ ਦਫਤਰ ਵਿੱਚ ਈਡੀ ਨੇ ਵੱਡੀ ਕਾਰਵਾਈ ਕੀਤੀ ਤੇ ਦਸਤਾਵੇਜ ਕਬਜੇ ਵਿੱਚ ਲਏ। ਇਸ ਕਾਰਵਾਈ ਨੂੰ ਬਾਦਲ ਪਰਿਵਾਰ ਦੇ ਨਜਦੀਕੀ ਵਿਰੁੱਧ ਹੋਈ ਕਾਰਵਾਈ ਵਜੋਂ ਵੇਖਿਆ ਗਿਆ ਸੀ। ਹਾਲਾਂਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ ਪਰ ਸਿਆਸੀ ਧਿਰਾਂ ਨੇ ਰਾਜਨੀਤੀ ਤੋਂ ਪ੍ਰੇਰਤ ਕਾਰਵਆਈ ਦੱਸਿਆ ਸੀ।
3.ਵੱਡੀ ਕਾਰਵਾਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਵਿਰੁੱਧ ਹੋਈ (Ed raids channi's relative), ਜਿਹੜੀ ਚਰਚਾ ਦਾ ਵਿਸ਼ਾ ਬਣੀ। ਈਡੀ ਨੇ ਇਹ ਕਾਰਵਾਈ ਨਜਾਇਜੀ ਮਾਈਨਿੰਗ ਨਾਲ ਸਬੰਧਤ ਧੰਦੇ ਵਿਰੁੱਧ ਕੀਤੀ ਤੇ ਹਨੀ ਦੇ ਘਰੋਂ ਵੱਡੀ ਰਾਸ਼ੀ ਤੇ ਹਿਸਾਬ ਕਿਤਾਬ ਬਰਾਮਦ ਕੀਤਾ। ਕਾਂਗਰਸ ਕਹਿੰਦੀ ਰਹੀ ਕਿ ਰਿਸ਼ਤੇਦਾਰ ਵੱਲੋਂ ਕੀਤੇ ਕਿਸੇ ਗਲਤ ਕੰਮ ਲਈ ਚੰਨੀ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਦੋਂਕਿ ਵਿਰੋਧੀ ਧਿਰਾਂ ਦਾ ਮੰਨਣਾ ਹੈ ਕਿ ਚੰਨੀ ਦੀ ਸ਼ਹਿ ਤੋਂ ਬਗੈਰ ਉਸ ਦਾ ਰਿਸ਼ਤੇਦਾਰ ਅਜਿਹਾ ਕੰਮ ਕਰ ਹੀ ਨਹੀਂ ਸੀ ਸਕਦਾ ਤੇ ਹਨੀ ਨੂੰ ਚੰਨੀ ਦੀ ਸ਼ਹਿ ਪ੍ਰਾਪਤ ਸੀ।