ਚੰਡੀਗੜ੍ਹ: ਡੀਐੱਸਪੀ ਅਤੁਲ ਸੋਨੀ 'ਤੇ ਆਪਣੀ ਪਤਨੀ 'ਤੇ ਗੋਲੀ ਚਲਾਉਣ 'ਤੇ ਮਾਮਲਾ ਦਰਜ ਹੈ। ਪੁਲਿਸ ਵੱਲੋਂ ਲਗਾਤਾਰ ਡੀਐੱਸਪੀ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਡੀਐੱਸਪੀ ਅਤੁਲ ਸੋਨੀ 'ਤੇ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਸੂਬਾ ਪੁਲਿਸ ਨੇ ਉਸ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।
ਇਸ ਦਾ ਖੁਲਾਸਾ ਕਰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਵਿਭਾਗ ਵਿੱਚ ਸੁਧਾਰਾਤਮਕ ਢੰਗਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੇ ਵਿਵਹਾਰ ਦੇ ਸ਼ਿਕਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਪੁਲਿਸ ਵਿਭਾਗ ਤੋਂ ਬਾਹਰ ਕੱਢਿਆ ਜਾਵੇ।
ਇਸ ਤੋਂ ਪਹਿਲਾ ਪੰਜਾਬ ਦੇ ਡੀਐੱਸਪੀ ਅਤੁਲ ਸੋਨੀ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉਸ ਨੇ ਆਪਣੇ ਇੱਕ ਵਕੀਲ ਰਾਹੀਂ ਅਦਾਲਤ ਤੱਕ ਪਹੁੰਚ ਕਰ ਕੇ ਅਰਜ਼ੀ ਦਿੱਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਨਾ ਤਾਂ ਕੋਈ ਗੋਲੀ ਚੱਲੀ ਹੈ ਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ। ਉਸ ਦੀ ਪਤਨੀ ਦੀ ਵੀ ਪਿਛਲੇ ਤਿੰਨ ਦਿਨਾਂ ਤੋਂ ਕੋਈ ਸੂਹ ਨਹੀਂ ਸੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ 19 ਜਨਵਰੀ ਦੀ ਰਾਤ ਨੂੰ ਕਰੀਬ 3 ਵਜੇ ਕਲੱਬ ਤੋਂ ਆਉਣ ਤੋਂ ਬਾਅਦ ਅਤੁਲ ਸੋਨੀ ਨੇ ਆਪਣੀ ਪਤਨੀ 'ਤੇ ਫਾਇਰ ਕਰ ਦਿੱਤਾ। ਹਾਲਾਂਕਿ ਡੀਐੱਸਪੀ ਦੀ ਪਤਨੀ ਸੁਨੀਤਾ ਸੋਨੀ ਇਸ ਵਿੱਚ ਵਾਲ ਵਾਲ ਬਚ ਗਈ। ਇਸ ਤੋਂ ਬਾਅਦ ਸੁਨੀਤਾ ਸੋਨੀ ਵੱਲੋਂ ਮੋਹਾਲੀ ਦੇ 8 ਫੇਸ ਸਥਿਤ ਥਾਣੇ ਵਿੱਚ ਆਪਣੇ ਡੀਐੱਸਪੀ ਪਤੀ ਵਿਰੁੱਧ ਮਾਮਲਾ ਦਰਜ ਕਰਵਾਇਆ। ਪੁਲਿਸ ਵੱਲੋਂ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਤੁਲ ਸੋਨੀ ਆਪਣੀ ਪਤਨੀ 'ਤੇ ਫਾਇਰ ਕਰਨ ਤੋਂ ਬਾਅਦ ਤੋਂ ਹੀ ਫਰਾਰ ਚੱਲ ਰਹੇ ਹਨ।