ਚੰਡੀਗੜ੍ਹ: ਕਵੀ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਪਹੁੰਚੀ ਹੈ, ਇਸ ਸਬੰਧੀ ਜਾਣਕਾਰੀ ਖੁਦ ਕੁਮਾਰ ਵਿਸ਼ਵਾਸ ਨੇ ਆਪਣੇ ਟਵਿੱਟਰ ਅਕਾਉਂਟ ’ਤੇ ਦਿੱਤੀ। ਜਿਸ ’ਚ ਉਨ੍ਹਾਂ ਨੇ ਆਪਣੇ ਘਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਟਵੀਟ ਕਰਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਸਵੇਰੇ-ਸਵੇਰੇ ਪੰਜਾਬ ਪੁਲਿਸ ਦਰਵਾਜ਼ੇ ’ਤੇ ਪਹੁੰਚੀ ਹੈ। ਇੱਕ ਸਮੇਂ ਮੇਰੇ ਵੱਲੋਂ ਪਾਰਟੀ ਚ ਸਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਾ ਹਾਂ ਕਿ ਤੁਸੀਂ ਦਿੱਲੀ ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਗਈ ਤਾਕਤ ਨਾਲ ਖੇਡਣ ਦੇ ਰਹੇ ਹੋ ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ। ਦੇਸ਼ ਮੇਰੀ ਚਿਤਾਵਨੀ ਯਾਦ ਰਖੇ। ਦੱਸ ਦਈਏ ਕਿ ਕੁਮਾਰ ਵਿਸ਼ਵਾਸ ਨੇ ਆਪਣੇ ਇਸ ਟਵੀਟ ਦੇ ਨਾਲ ਉਨ੍ਹਾਂ ਦੇ ਘਰ ਪਹੁੰਚੀ ਪੰਜਾਬ ਪੁਲਿਸ ਦੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਉੱਥੇ ਹੀ ਕੁਮਾਰ ਵਿਸ਼ਵਾਸ ਦੇ ਇਸ ਟਵੀਟ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਦੱਸ ਦਈਏ ਕਿ ਕੁਮਾਰ ਵਿਸ਼ਵਾਸ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਤਾਂ ਕਮਾਲ ਹੀ ਹੈ ਕਿ ਅਰਵਿੰਦ ਕੇਜਰੀਵਾਲ ਨਿੱਜੀ ਦੁਸ਼ਮਣੀ ਕੱਢਣ ਦੇ ਲਈ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਹੀ ਹੈ। ਪਹਿਲਾਂ ਤੇਜਿੰਦਰ ਬੱਗਾ ਅਤੇ ਹੁਣ ਕੁਮਾਰ ਵਿਸ਼ਵਾਸ ਦੇ ਘਰ ’ਚ ਪੁਲਿਸ ਦਾ ਜਾਣਾ ਦਰਸਾਉਂਦਾ ਹੈ ਕਿ ਭਗਵੰਤ ਮਾਨ ਨੇ ਕੇਜਰੀਵਾਲ ਦੇ ਅੱਗੇ ਪੂਰੇ ਗੋਡੇ ਟੇਕ ਦਿੱਤੇ ਹਨ। ਪੰਜਾਬ ਦਾ ਰੱਬ ਰਾਖਾ।
ਅਕਾਲੀ ਦਲ ਵਲੋਂ ਨਿੰਦਾ: ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਕੇਜਰੀਵਾਲ ਦੇ ਪੁਰਾਣੇ ਮਿੱਤਰ ਰਹੇ ਹਨ। ਅੱਜ ਸਿਆਸੀ ਬਦਲਾਖੋਰੀ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਅਕਾਲੀ ਦਲ ਇਸ ਦੀ ਨਿਖੇਧੀ ਕਰਦਾ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਨੂੰ ਕੌਣ ਚਲਾ ਰਿਹਾ ਹੈ। ਜੇਕਰ ਦਿੱਲੀ 'ਚ ਕਿਸੇ ਨੇ ਕੁਝ ਗਲਤ ਕੀਤਾ ਤਾਂ ਉੱਥੇ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਹਰੀਸ਼ ਚੌਧਰੀ ਦਾ ਬਿਆਨ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਕੇਜਰੀਵਾਲ ਜਨਤਾ ਦੀ ਸੁਰੱਖਿਆ ਕਰਨ ਦੀ ਬਜਾਏ ਸਿਆਸੀ ਵਿਰੋਧੀਆਂ ਨੂੰ ਤੰਗ ਕਰਨ ਲਈ ਪੰਜਾਬ ਪੁਲਿਸ ਦੀ ਵਰਤੋਂ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਵਰਤਿਆ ਜਾਣਾ ਚਾਹੀਦਾ ਹੈ।
ਸਿਆਸੀ ਮਕਸਦ ਲਈ ਦੁਰਵਰਤੋਂ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਆਪਣੇ ਸਿਆਸੀ ਮਕਸਦ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਿਹਾ ਹੈ। ਡੀਜੀਪੀ ਨੂੰ ਪੁਲਿਸ ਦੀ ਦੁਰਵਰਤੋਂ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਭਗਵੰਤ ਮਾਨ ਹਨ।