ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੂਜੇ ਮੁੱਖ ਮੁਲਜ਼ਮ ਮੰਨੇ ਜਾਂਦੇ ਸ਼ਾਰਪਸ਼ੂਟਰ ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਚ ਐਂਟੀ ਗੁੰਡਾ ਟਾਸਕ ਫੋਰਸ ਅਤੇ ਐਸਟੀਐਫ ਦੀ ਕਾਫੀ ਜਿਆਦਾ ਹਲਚਲ ਦੇਖਣ ਨੂੰ ਮਿਲੀ। ਸੂਚਨਾ ਹੈ ਕਿ ਦੋਹਾਂ ਦੇ ਸਾਂਝੇ ਆਪਰੇਸ਼ਨ ਚ ਮੁੰਡੀ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਹੋਈ ਹੈ।
ਕਾਬਿਲੇਗੌਰ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਅਤੇ ਜਗਰੂਪ ਸਿੰਘ ਰੂਪਾ ਦੇ ਐਨਕਾਉਂਟਰ ਤੋਂ ਬਾਅਦ ਮੁੰਡੀ ਹੀ ਇੱਕ ਸ਼ੂਟਰ ਰਹਿ ਗਿਆ ਸੀ। ਜਦਕਿ ਮੂਸੇਵਾਲਾ ਕਤਲਕਾਂਡ ਚ ਸ਼ਾਮਲ 3 ਹੋਰ ਸ਼ਾਰਪਸ਼ੂਟਰ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ ਕੁਲਦੀਪ ਨੂੰ ਦਿੱਲੀ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜੋ:ਬਠਿੰਡਾ ਦੇ ਕਾਲਜ ‘ਚ ਪੇਪਰ ਦੇਣ ਆਏ ਵਿਦਿਆਰਥੀਆਂ ਦੇ ਲੁਹਾਏ ਕੜੇ, ਹੋਇਆ ਹੰਗਾਮਾ