ਚੰਡੀਗੜ/ਜਲੰਧਰ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਾਰੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ਚਲਾਏ ਆਈਐਸਆਈ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤੀਜੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੜੇ ਗਏ ਮੁਲਜਮ ਦੀ ਪਛਾਣ ਫਿਰੋਜਪੁਰ ਦੇ ਪਿੰਡ ਜੋਗੇਵਾਲ ਦੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਵਜੋਂ ਹੋਈ ਹੈ।
ਇਹ ਕਾਰਵਾਈ ਏ.ਆਈ.ਜੀ. ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਕਾਉੰਟਰ ਇੰਟੈਲੀਜੈਂਸ ਜਲੰਧਰ ਟੀਮ ਵੱਲੋਂ ਇਸ ਮਾਡਿਊਲ ਦੇ ਦੋ ਸੰਚਾਲਕਾਂ ਜਿਨ੍ਹਾਂ ਦੀ ਪਛਾਣ ਬਲਜੀਤ ਸਿੰਘ ਮੱਲੀ ਅਤੇ ਗੁਰਬਖਸਸ਼ ਸਿੰਘ ਉਰਫ ਗੋਰਾ ਸੰਧੂ, ਦੋਵੇਂ ਵਾਸੀ ਫਿਰੋਜਪੁਰ ਵਜੋਂ ਹੋਈ ਸੀ, ਦੀ ਗ੍ਰਿਫ਼ਤਾਰੀ ਤੋਂ ਅੱਠ ਦਿਨ ਬਾਅਦ ਸਾਹਮਣੇ ਆਈ ਹੈ। ਪੁਲਿਸ ਨੇ ਗੁਰਬਖਸ਼ ਸਿੰਘ ਵੱਲੋਂ ਉਸ ਦੇ ਪਿੰਡ ਵਿੱਚ ਦੱਸੇ ਟਿਕਾਣੇ ਤੋਂ ਦੋ ਮੈਗਜੀਨ, 90 ਜਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਸਮੇਤ ਇੱਕ ਆਧੁਨਿਕ ਏ.ਕੇ.-56 ਅਸਾਲਟ ਰਾਈਫਲ ਵੀ ਬਰਾਮਦ ਕੀਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜਮ ਬਲਜੀਤ ਮੱਲੀ ਦੇ ਖੁਲਾਸੇ ਤੋਂ ਬਾਅਦ ਪੁਲਿਸ ਟੀਮ ਨੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜੋ ਕਿ ਇਟਲੀ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੇ ਸੰਪਰਕ ਵਿੱਚ ਵੀ ਸੀ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਵੀ ਹੈਪੀ ਸੰਘੇੜਾ ਦੇ ਸੰਪਰਕ ਵਿੱਚ ਵੀ ਸੀ ਅਤੇ ਉਸ ਦੇ ਨਿਰਦੇਸ਼ਾਂ ‘ਤੇ ਹੀ ਉਸ ਨੇ ਜੁਲਾਈ 2022 ਵਿੱਚ ਪਿੰਡ ਸੂਦਣ ਵਿਖੇ ਮੱਖੂ-ਲੋਹੀਆਂ ਰੋਡ ‘ਤੇ ਸਥਿਤ ਨਿਸ਼ਾਨਦੇਹੀ ਤੋਂ ਹਥਿਆਰਾਂ ਦੀ ਖੇਪ ਹਾਸਲ ਕੀਤੀ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਨੇ ਲਖਬੀਰ ਲੰਡਾ ਦੇ ਸਾਥੀ ਜਗਜੀਤ ਸਿੰਘ ਉਰਫ ਜੋਟਾ ਵਾਸੀ ਮਹਿਤਾ ਰੋਡ ਅੰਮ੍ਰਿਤਸਰ ਅਤੇ ਉਸ ਦੇ ਸਾਥੀ ਲਈ ਫਿਰੋਜਪੁਰ ਦੇ ਮੱਖੂ ਖੇਤਰ ਵਿੱਚ ਇੱਕ ਖਾਲੀ ਪਏ ਘਰ ਵਿੱਚ 10 ਦਿਨ ਠਹਿਰਨ ਦਾ ਪ੍ਰਬੰਧ ਕਰਨ ਦੀ ਗੱਲ ਕਬੂਲੀ ਹੈ। ਉਨਾਂ ਕਿਹਾ ਕਿ ਜੋਟਾ ‘ਤੇ ਚਾਰ ਅਪਰਾਧਿਕ ਕੇਸ ਚੱਲ ਰਹੇ ਹਨ ਅਤੇ ਉਹ ਇਸ ਵੇਲੇ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿਖੇ ਬੰਦ ਹੈ।