ਚੰਡੀਗੜ੍ਹ: ਕਰਫਿਊ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ 'ਚ ਭਾਰੀ ਵਾਧਾ ਹੋਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ, ਜਿਸ ਤਹਿਤ ਹਰ ਰੋਜ਼ ਡੀਐਸਪੀ ਨੂੰ ਔਰਤਾਂ ਵਿਰੁੱਧ ਅਪਰਾਧ (ਸੀ.ਏ.ਡਬਲਿਊ) ਸਬੰਧੀ ਰੋਜ਼ਾਨਾ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ।
ਅੰਕੜੇ ਦਰਸਾਉਂਦੇ ਹਨ ਕਿ ਫਰਵਰੀ ਤੋਂ 20 ਅਪ੍ਰੈਲ ਦਰਮਿਆਨ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ 21 ਫ਼ੀਸਦੀ ਵਾਧਾ ਹੋਇਆ ਹੈ, ਅਤੇ ਇਸੇ ਸਮੇਂ ਦੌਰਾਨ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲੇ ਵੀ ਇਸੇ ਪ੍ਰਤੀਸ਼ਤ ਨਾਲ ਵਧੇ ਹਨ। ਦੂਜੇ ਪਾਸੇ, ਇਸੇ ਸਮੇਂ ਦੌਰਾਨ ਦਾਜ ਦੀ ਸਮੱਸਿਆ, ਬਲਾਤਕਾਰ ਅਤੇ ਈਵ-ਟੀਜ਼ਿੰਗ ਦੇ ਮਾਮਲਿਆਂ ਸਬੰਧੀ ਕੇਸਾਂ ਵਿਚ ਕਾਫ਼ੀ ਕਮੀ ਆਈ ਹੈ, ਸ਼ਾਇਦ ਇਸ ਲਈ ਕਿਉਂਕਿ ਆਦਮੀ ਅਤੇ ਔਰਤ ਬਾਹਰ ਨਹੀਂ ਨਿਕਲ ਰਹੇ ਹਨ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਵਾਧਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਿਛਲੇ 3 ਮਹੀਨੇ ਵਿੱਚ 20 ਮਾਰਚ 2020 ਤੱਕ ਡਾਇਲ 112 ਤੇ ਪ੍ਰਤੀ ਦਿਨ ਆਉਣ ਵਾਲੀਆਂ ਕਾਲਾਂ ਦੀ ਗਿਣਤੀ 133 ਹੋ ਗਈ ਇਸ ਤਰ੍ਹਾਂ ਘਰੇਲੂ ਹਿੰਸਾ ਦੇ ਮਾਮਲੇ ਕੁੱਲ 34 ਫ਼ੀਸਦੀ ਹੋ ਗਏ। ਇਸ ਮਿਆਦ ਵਿੱਚ ਕੁੱਲ ਮਾਮਲਿਆਂ ਵਿੱਚ ਪ੍ਰਤੀ ਦਿਨ ਵਾਧਾ 30 ਫ਼ੀਸਦੀ ਹੈ।