ਚੰਡੀਗੜ੍ਹ: ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਅਤੇ 4 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਸਬੰਧਿਤ ਅਤੇ ਅੰਤਰ-ਰਾਸ਼ਟਰੀ ਸੰਪਰਕ ਵਾਲੇ ਇੱਕ ਵੱਡੇ ਡਰੱਗ ਮਾਫ਼ੀਆ ਦਾ ਪਰਦਾਫਾਸ਼ ਕੀਤਾ ਹੈ।
ਮੁੱਢਲੀ ਜਾਂਚ ਵਿੱਚ ਦੋਸ਼ੀਆਂ ਜਿਨ੍ਹਾਂ ਦੀ ਸਨਾਖ਼ਤ, ਜਸਵਿੰਦਰ ਸਿੰਘ ਉਰਫ਼ ਜੱਸ ਅਤੇ ਰਮੇਸ਼ ਕੁਮਾਰ ਉਰਫ਼ ਕੇਸਾ, ਦੋਵੇਂ ਵਾਸੀ ਜਲੰਧਰ ਦਿਹਾਤੀ ਵਜੋਂ ਹੋਈ ਹੈ, ਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੁੱਝ ਗੈਂਗਸਟਰਾਂ ਅਤੇ ਦੁਬਈ ਦੇ ਇੱਕ ਤਸਕਰ ਨਾਲ ਮਜ਼ਬੂਤ ਗਠਜੋੜ ਦਾ ਪਰਦਾਫਾਸ਼ ਹੋਇਆ ਹੈ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਹੁਣ ਤੱਕ ਦੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕਸ਼ਮੀਰ ਤੋਂ ਪੰਜਾਬ ਵਿੱਚ ਸਮਗਲ ਕੀਤੇ ਗਏ ਨਸ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਸੰਭਾਵਿਤ ਤੌਰ `ਤੇ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਵਾਸਤੇ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਪੂਰੀ ਅੰਤਰਰਾਸ਼ਟਰੀ ਸਾਜਿਸ਼ ਅਤੇ ਨੈਟਵਰਕ ਦੇ ਅੱਗੇ ਪਿੱਛੇ ਦੇ ਸਾਰੇ ਸਬੰਧਾਂ ਤੋਂ ਪਰਦਾ ਹਟਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਦੋਸ਼ੀਆਂ ਪਾਸੋਂ ਹੈਰੋਇਨ ਤੋਂ ਇਲਾਵਾ ਦੋ ਦੇਸੀ-32 ਬੋਰ ਪਿਸਤੌਲ ਸਮੇਤ 10 ਅਣਚੱਲੇ ਕਾਰਤੂਸ ਅਤੇ ਜੇ.ਕੇ.-012-ਈ -2277 ਨੰਬਰ ਵਾਲੀ ਇੱਕ ਕਾਰ, ਜਿਸ ਦੀ ਵਰਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਇਸ਼ਾਰੇ `ਤੇ ਸ੍ਰੀਨਗਰ ਤੋਂ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾਂਦੀ ਸੀ, ਵੀ ਬਰਾਮਦ ਕੀਤੀ ਗਈ ਹੈ। ਡਰੱਗ ਮਾਫੀਆ ਦੇ ਤਾਰ ਦੁਬਈ ਦੇ ਇੱਕ ਵਿਅਕਤੀ ਨਾਲ ਜੁੜੇ ਹਨ, ਜੋ ਨਸ਼ਾ ਤਸਕਰਾਂ ਅਤੇ ਪੰਜਾਬ ਵਿਚਲੇ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੀ ਸਪਲਾਈ ਲਈ ਕਥਿਤ ਤੌਰ `ਤੇ ਕਸ਼ਮੀਰ ਵਿਚਲੇ ਨਸ਼ਾ ਤਸਕਰਾਂ ਨਾਲ ਰਾਬਤਾ ਕਰਨ ਵਿੱਚ ਸ਼ਾਮਲ ਹੈ।