ਪੰਜਾਬ

punjab

ETV Bharat / city

ਜ਼ਹਿਰੀਲੀ ਸ਼ਰਾਬ ਮਾਮਲਾ: 2 ਭਗੌੜੇ ਗ੍ਰਿਫ਼ਤਾਰ, ਹੋਰ 13 ਵਿਅਕਤੀਆਂ ਦੀ ਹੋਈ ਸ਼ਨਾਖ਼ਤ

ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੁਖਾਂਤ ਵਿੱਚ ਸ਼ਾਮਲ ਫਰਾਰ 2 ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਇਸ ਕੇਸ ਵਿੱਚ ਸਾਰੇ ਸਰਗਨਾਵਾਂ ਵਿਰੁੱਧ ਦਰਜ ਐਫਆਈਆਰ ਵਿੱਚ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ।

ਫ਼ੋਟੋ
ਫ਼ੋਟੋ

By

Published : Aug 8, 2020, 9:54 AM IST

ਚੰਡੀਗੜ੍ਹ: ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੁਖਾਂਤ ਵਿੱਚ ਸ਼ਾਮਲ ਫਰਾਰ 2 ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਇਸ ਕੇਸ ਵਿੱਚ ਸਾਰੇ ਸਰਗਨਾਵਾਂ ਵਿਰੁੱਧ ਦਰਜ ਐਫਆਈਆਰ ਵਿੱਚ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਸਰਗਨਾਵਾਂ ਵਿਰੁੱਧ ਐਫਆਈਆਰਜ਼ ਵਿਚ ਆਈ.ਪੀ.ਸੀ ਦੀ ਧਾਰਾ 302 ਸ਼ਾਮਲ ਕੀਤੀ ਗਈ ਹੈ, ਜੋ ਕਿ ਤਿੰਨ ਜ਼ਿਲ੍ਹਿਆਂ ਵਿਚ 113 ਵਿਅਕਤੀਆਂ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।

ਪੰਡੋਰੀ ਗੋਲਾ ਰਹਿਣ ਵਾਲੇ ਪਿਉ-ਪੁੱਤਰ, ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿੱਚ ਕੁਲ ਗ੍ਰਿਫਤਾਰੀਆਂ ਦੀ ਗਿਣਤੀ 54 ਹੋ ਗਈ ਹੈ । ਹੁਣ ਤਰਨ ਤਾਰਨ ਵਿੱਚ 37, ਅੰਮ੍ਰਿਤਸਰ ਦਿਹਾਤੀ ਵਿੱਚ 9 ਅਤੇ ਬਟਾਲਾ ਵਿੱਚ 8 ਗ੍ਰਿਫ਼ਤਾਰੀਆਂ ਹੋਈਆਂ ਹਨ। ਡੀਜੀਪੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਤੋਂ ਇਲਾਵਾ ਹਰਜੀਤ ਸਿੰਘ ਅਤੇ ਸ਼ਮਸ਼ੇਰ ਉੱਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕੇਸ ਵਿਚ ਸ਼ਾਮਲ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਦੋ ਐਫ.ਆਈ.ਆਰ ਆਈ.ਪੀ.ਸੀ ਦੀ ਧਾਰਾ 216 ਤਹਿਤ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ 21 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਹਿਲੀ ਮੌਤ 31 ਜੁਲਾਈ ਨੂੰ ਰਿਪੋਰਟ ਹੋਣ ਤੋਂ ਹੁਣ ਤੱਕ ਤਿੰਨ ਪ੍ਰਭਾਵਿਤ ਜ਼ਿਲ੍ਹਿਆਂ ਵਿਚ 887 ਛਾਪੇਮਾਰੀਆਂ ਕੀਤੀਆਂ ਗਈਆਂ ਹਨ (ਤਰਨ ਤਾਰਨ-303, ਅੰਮ੍ਰਿਤਸਰ ਦਿਹਾਤੀ-330 ਅਤੇ ਬਟਾਲਾ-254)।

ਜਦਕਿ ਹਰਜੀਤ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਬੂ ਕੀਤਾ ਸੀ, ਜਿਸ ‘ਤੇ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ। ਉਸ ਦਾ ਪੁੱਤਰ ਤਰਨ ਤਾਰਨ ਪੁਲਿਸ ਨੇ ਫੜਿਆ ਹੈ, ਜਿਸ ‘ਤੇ 84 ਮੌਤਾਂ ਨਾਲ ਸਬੰਧਤ 3 ਐਫ.ਆਈ ਦਰਜ ਕੀਤੀਆਂ ਗਈਆਂ ਹਨ। ਦੋ ਐਫ.ਆਈ ਆਰ 14 ਮੌਤਾਂ ਨਾਲ ਸਬੰਧਤ ਬਟਾਲਾ ਵਿਖੇ ਦਰਜ ਕੀਤੀਆਂ ਗਈਆਂ ਹਨ। ਤਾਲਮੇਲ ਰਹੀਂ ਕੀਤੀ ਗਈ ਛਾਪੇਮਾਰੀ ਨਾਲ ਇੰਨਾਂ ਦੋਵਾਂ ਦੀ ਗ੍ਰਿਫਤਾਰੀ ਅੱਜ ਸਵੇਰੇ ਕੀਤੀ ਗਈ।

ਉਨਾਂ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਵੱਲੋਂ ਪੁਲਿਸ ਕੋਲ ਪੁੱਛਗਿੱਛ ਦੌਰਾਨ ਕੀਤੇ ਖੁਲਾਸਿਆਂ ਬਾਰੇ ਦੋ ਦੋਸ਼ੀਆਂ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਨਾਂ ਨੇ 27 ਜੁਲਾਈ ਨੂੰ ਪੰਡੋਰੀ ਗੋਲਾ, ਤਰਨਤਾਰਨ ਦੇ ਅਵਤਾਰ ਸਿੰਘ ਕੋਲੋਂ ਤਿੰਨ ਨਾਜਾਇਜ਼ ਸ਼ਰਾਬ ਦੇ ਤਿੰਨ ਡਰੰਮ ਖਰੀਦੇ ਸਨ।

ਹਰਜੀਤ ਸਿੰਘ ਨੇ ਇਹ ਸ਼ਰਾਬ ਲੈਣ ਲਈ ਪੰਦਰਾਂ ਦਿਨ ਪਹਿਲਾਂ ਅਵਤਾਰ ਸਿੰਘ ਨੂੰ 15 ਹਜ਼ਾਰ ਰੁਪਏ ਦਿੱਤੇ ਸਨ ਅਤੇ ਦੂਜੀ ਕਿਸ਼ਤ ਦੇ 15 ਹਜ਼ਾਰ ਰੁਪਏ ਇਹ ਨਾਜਾਇਜ ਦਾਰੂ ਪ੍ਰਾਪਤ ਹੋਣ ਉੱਤੇ ਦੇਣੇ ਸਨ। ਡੀਜੀਪੀ ਨੇ ਦੱਸਿਆ ਕਿ ਇਨਾਂ ਦੋਵੇਂ ਦੋਸ਼ੀਆਂ ਨੇ ਇਸ ਮਾਮਲੇ ਵਿੱਚ ਸ਼ਾਮਲ ਤੇਰਾਂ ਹੋਰ ਵਿਅਕਤੀਆਂ ਦੇ ਨਾਮ ਉਜਾਗਰ ਕੀਤੇ ਹਨ ਜਿਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਪੰਜਾਬ ਪੁਲਿਸ ਦੇ ਮੁਖੀ ਗੁਪਤਾ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਬਾਰੇ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੁੱਲ 116 ਕੇਸ ਦਰਜ ਕੀਤੇ ਗਏ ਹਨ ਅਤੇ 74 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸੇ ਸਮੇਂ ਦੌਰਾਨ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਪੰਜਾਬ ਪੁਲਸ ਨੇ 1,114 ਲੀਟਰ ਨਾਜਾਇਜ਼ ਸ਼ਰਾਬ, 642 ਲੀਟਰ ਦੇਸੀ ਦਾਰੂ ਅਤੇ 3,921 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਹੈ ਜਦਕਿ ਦੇਸੀ ਸ਼ਰਾਬ ਕੱਢਦੇ ਹੋਏ ਪੰਜ ਚੱਲਦੀਆਂ ਭੱਠੀਆਂ ਫੜੀਆਂ ਹਨ।

ਉਨਾਂ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਤੋਂ ਹੁਣ ਤੱਕ 11,141 ਮੁਕੱਦਮੇ ਅਤੇ 10,456 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ 1,67,249 ਲਿਟਰ ਨਾਜਾਇਜ਼ ਦੇਸੀ ਦਾਰੂ, 3,86,937 ਲੀਟਰ ਨਾਜਾਇਜ਼ ਸ਼ਰਾਬ ਅਤੇ 15,82,479 ਕਿਲੋਗ੍ਰਾਮ ਲਾਹਣ ਵੀ ਬਰਾਮਦ ਕੀਤੀ ਗਈ ਹੈ।

ਇਸ ਤੋਂ ਇਲਾਵਾ 1,84,244 ਲੀਟਰ ਅੰਗਰੇਜੀ ਦਾਰੂ 746 ਲਿਟਰ ਰੰਮ ਅਤੇ 20,113 ਲੀਟਰ ਬੀਅਰ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 47,620 ਲਿਟਰ ਸਪਿਰਟ ਅਤੇ 440 ਚੱਲਦੀਆਂ ਦੇਸੀ ਸ਼ਰਾਬ ਦੀਆਂ ਭੱਠੀਆਂ ਵੀ ਫੜੀਆਂ ਗਈਆਂ ਹਨ।

ABOUT THE AUTHOR

...view details