ਚੰਡੀਗੜ੍ਹ: ਪੰਜਾਬ ਪੁਲੀਸ ਦੇ ਲੋਗੋ ਦੀ ਵਰਤੋਂ ਕਰ ਬਣਾਏ ਗਏ ਫ਼ਰਜ਼ੀ ਸੋਸ਼ਲ ਮੀਡੀਆ ਅਕਾਉਂਟਾਂ 'ਤੇ ਪੰਜਾਬ ਪੁਲੀਸ ਦੇ ਜਵਾਨਾਂ ਤੇ ਅਫ਼ਸਰਾਂ ਦੀਆਂ ਤਸਵੀਰਾਂ ਸ਼ੇਅਰ ਕਰਨ ਨੂੰ ਵਰਦੀ ਦੀ ਤੋਹੀਨ ਦੱਸਦਿਆਂ ਪੰਜਾਬ-ਹਰਿਆਣਾ ਹਾਈ ਕੋਰਟ 'ਚ ਇੱਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਜਿਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਹੋਰਾਂ ਤੋਂ ਨੋਟਿਸ ਜਾਰੀ ਕਰ ਇਸ ਸਬੰਧੀ ਜ਼ਵਾਬ ਤਲਬ ਕੀਤਾ ਹੈ।
ਪਟੀਸ਼ਨ ਦਾਖ਼ਲ ਕਰਦਿਆਂ ਵਕੀਲ ਨਿਖਿਲ ਸਰਾਫ਼ ਨੇ ਹਾਈਕੋਰਟ ਨੂੰ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਦੇ ਨਾਂਅ 'ਤੇ ਲੋਗੋ ਦਾ ਇਸਤੇਮਾਲ ਕਰ ਕੇ ਕਈ ਫ਼ਰਜ਼ੀ ਅਕਾਉਂਟ ਬਣਾਏ ਗਏ ਹੈ। ਜਿਸ ਨੂੰ ਰੋਕਣ ਦੀ ਬਜਾਏ ਪੁਲਿਸ ਕਰਮੀ ਤੇ ਅਫ਼ਸਰ ਵਰਦੀ 'ਚ ਮਾਡਲ ਦੀ ਤਰ੍ਹਾਂ ਫ਼ੋਟੋ ਖਿੱਚਵਾ ਇਨ੍ਹਾਂ ਅਕਾਊਂਟਾਂ 'ਚ ਸ਼ੇਅਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੁਲਿਸ ਦੀ ਵਰਦੀ ਪਹਿਨਣ ਵਾਲੇ ਆਮ ਲੋਕਾਂ ਤੋਂ ਬਿਹਤਰ ਦਿਖਣ ਦਾ ਕੋਸ਼ਿਸ਼ ਕਰ ਰਹੇ ਹਨ ਤੇ ਇਸ ਤਰ੍ਹਾਂ ਵਰਦੀ ਦੀ ਦੁਰਵਰਤੋਂ ਕਰਨਾ ਵਰਦੀ ਦਾ ਅਪਮਾਨ ਵੀ ਹੈ।