ਚੰਡੀਗੜ੍ਹ: ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀਜ਼) ਦੀ ਤਾਲਮੇਲ ਮੀਟਿੰਗ ਅੱਜ ਇੱਥੇ ਪੰਚਕੂਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਇਨ੍ਹਾਂ ਰਾਜਾਂ 'ਚ ਸਰਗਰਮ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਰਣਨੀਤੀ ਘੜਨ ਅਤੇ ਕਾਰਜ ਯੋਜਨਾ ਤਿਆਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉਕਤ ਖੇਤਰਾਂ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਖਿਲਾਫ਼ ਰਣਨੀਤੀ ਤਿਆਰ ਕਰਨ ਅਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਕਤਲੇਆਮ, ਕਤਲ ਦੀ ਕੋਸ਼ਿਸ਼, ਜਬਰਨ ਵਸੂਲੀ ਆਦਿ ਅਪਰਾਧਾਂ ਨੂੰ ਨੱਥ ਪਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ।
ਇੱਥੇ ਅਜਿਹੀਆਂ ਉਦਾਹਰਣਾਂ ਹਨ ਜਿੱਥੇ ਅਪਰਾਧੀ ਜੇਲ੍ਹ ਵਿੱਚੋਂ ਸਨਸਨੀਖੇਜ਼ ਅਪਰਾਧਾਂ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਚਣ ਅਤੇ ਯੋਜਨਾਬੰਦੀ ਕਰਨ ਵਿੱਚ ਸ਼ਾਮਲ ਪਾਏ ਗਏ ਹਨ। ਹਾਲ ਹੀ ਵਿੱਚ ਸੰਪਤ ਨੇਹਰਾ ਰਾਜਸਥਾਨ ਵਿੱਚ 3 ਵਿਅਕਤੀਆਂ ਦੀ ਹੱਤਿਆ ਵਿੱਚ ਸ਼ਾਮਲ ਪਾਇਆ ਗਿਆ ਸੀ ਜਦੋਂ ਕਿ ਉਹ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ। ਇਸੇ ਤਰ੍ਹਾਂ ਰਾਜੀਵ ਰਾਜਾ ਨੇ ਮੱਧ ਪ੍ਰਦੇਸ਼ ਤੋਂ ਦੇਸੀ ਹਥਿਆਰ ਖ਼ਰੀਦੇ ਜਦੋਂ ਉਹ ਨਾਭਾ ਜੇਲ੍ਹ ਵਿੱਚ ਬੰਦ ਸੀ। ਲਾਰੇਂਸ ਬਿਸ਼ਨੋਈ ਨੇ ਰਾਜਸਥਾਨ ਦੀ ਜੇਲ੍ਹ 'ਚੋਂ ਫਰੀਦਕੋਟ ਵਿੱਚ ਨੌਜਵਾਨ ਕਾਂਗਰਸੀ ਆਗੂ ਗੁਰਲਾਲ ਸਿੰਘ ਦੀ ਹੱਤਿਆ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ। ਉਹ ਕਨੇਡਾ ਅਤੇ ਯੂਕੇ ਤੋਂ ਆਪਣੇ ਸਾਥੀਆਂ ਰਾਹੀਂ ਜ਼ਬਰਨ ਵਸੂਲੀ ਸਬੰਧੀ ਕਾਲਾਂ ਕਰਨ ਵਿੱਚ ਵੀ ਸ਼ਾਮਲ ਰਿਹਾ ਹੈ।
ਅਧਿਕਾਰੀਆਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਦੀਆਂ ਗਤੀਵਿਧੀਆਂ `ਤੇ ਰੋਕ ਲਗਾਉਣ ਲਈ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਅਧਿਕਾਰੀਆਂ ਨੇ ਅਸਲਾ ਐਕਟ ਵਿੱਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਅਤੇ ਅਪਰਾਧੀਆਂ ਨੂੰ ਅਸਲਾ ਸਪਲਾਈ ਕਰਨ ਵਿੱਚ ਲਾਇਸੰਸਸ਼ੁਦਾ ਅਸਲਾ ਡੀਲਰਾਂ ਦੁਆਰਾ ਇਸ ਦੀ ਦੁਰਵਰਤੋਂ ਸਬੰਧੀ ਚਿੰਤਾ ਜ਼ਾਹਰ ਕੀਤੀ। ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਪੰਜਾਬ ਦੇ ਗੰਨ ਹਾਊਸ ਮਾਲਕ ਐਮ.ਪੀ. ਅਤੇ ਉੱਤਰ-ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਵਿੱਚ ਨਾਜਾਇਜ਼ ਹਥਿਆਰ ਬਣਾਉਣ ਵਾਲਿਆਂ ਨੂੰ ਅਸਲਾ ਮੁਹੱਈਆ ਕਰਵਾ ਰਹੇ ਹਨ। ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਅਪਰਾਧੀ ਵਿਦੇਸ਼ ਯਾਤਰਾ ਲਈ ਪਾਸਪੋਰਟ ਬਣਾਉਣ ਵਾਸਤੇ ਜਾਅਲੀ ਪਛਾਣ ਦੀ ਵਰਤੋਂ ਕਰਦੇ ਪਾਏ ਗਏ ਸਨ। ਫ਼ਰਜ਼ੀ ਦਸਤਾਵੇਜ਼ ਬਣਾਉਣ ਵਿੱਚ ਸ਼ਾਮਲ ਅਜਿਹੇ ਟਰੈਵਲ ਏਜੰਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।