ਚੰਡੀਗੜ੍ਹ: ਰਾਸ਼ਨ ਡਿੱਪੂਆਂ ਦੇ ਮਾਲਕਾਂ ਲਈ ਪਹਿਲਕਦਮੀ ਕਰਦਿਆਂ, ਸੂਬਾ ਸਰਕਾਰ ਇਹਨਾਂ ਡਿੱਪੂ ਧਾਰਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਢੰਗ-ਤਰੀਕਿਆਂ ਨੂੰ ਸੁਖਾਲਾ ਬਣਾਏਗੀ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅਨਾਜ ਭਵਨ ਵਿਖੇ ਡਿੱਪੂ ਹੋਲਡਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਹੋਈ ਇੱਕ ਮੀਟਿੰਗ ਵਿੱਚ ਦਿੱਤੀ।
ਮੰਤਰੀ ਨੇ ਦੱਸਿਆ ਕਿ ਹੁਣ ਤੱਕ ਰਾਸ਼ਨ ਡਿੱਪੂ ਮਾਲਕ ਸਿਰਫ਼ ਅਨਾਜ ਦੀ ਵੰਡ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਘੱਟ ਮੁਨਾਫਾ ਹੁੰਦਾ ਹੈ। ਇਸ ਲਈ ਰਾਸ਼ਨ ਡਿੱਪੂ ਹੋਲਡਰਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕੁੱਝ ਕੰਪਨੀਆਂ ਨਾਲ ਮੀਟਿੰਗ ਕੀਤੀ ਹੈ ਜੋ ਇਨ੍ਹਾਂ ਡਿੱਪੂਆਂ ਨੂੰ ਖਾਧ ਪਦਾਰਥ ਦੀ ਸਪਲਾਈ ਕਰਨਗੀਆਂ ਜਿਸ ਨਾਲ ਉਹ ਆਪਣੇ ਡਿੱਪੂਆਂ ਨੂੰ ਕਰਿਆਨਾ/ ਗਰਾਸਰੀ ਸਟੋਰ ਵਿੱਚ ਤਬਦੀਲ ਕਰ ਸਕਦੇ ਹਨ ਅਤੇ ਸਮਾਰਟ ਕਾਰਡ ਹੋਲਡਰਾਂ ਲਈ ਵਾਜਬ ਕੀਮਤ 'ਤੇ ਹੋਰ ਕਈ ਵਸਤਾਂ ਉਪਲਬਧ ਹਨ।
ਆਸ਼ੂ ਨੇ ਦੱਸਿਆ ਕਿ ਹਿੰਦੁਸਤਾਨ ਯੂਨੀਲਿਵਰ ਲਿਮ. ਐਚ.ਪੀ.ਐਮ.ਸੀ. (ਹਿਮਾਚਲ ਪ੍ਰਦੇਸ਼ ਬਾਗਬਾਨੀ ਉਪਜ ਮੰਡੀਕਰਨ ਅਤੇ ਪ੍ਰੋਸੈਸਿੰਗ ਨਿਗਮ ਲਿਮ.), ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਭਾਗ ਲਿਆ ਅਤੇ ਆਪਣੀਆਂ ਪੇਸ਼ਕਸ਼ਾਂ ਰੱਖੀਆਂ ਜਿਸ ਵਿੱਚ ਖਾਧ ਪਦਾਰਥ, ਫਲਾਂ ਦੇ ਤਾਜਾ ਜੂਸ ਅਤੇ ਆਚਾਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਮਾਰਫੈਡ ਉਤਪਾਦਾਂ ਅਤੇ 5 ਕਿਲੋ ਐਲ.ਪੀ.ਜੀ. ਸੈਲੰਡਰਾਂ ਦੀ ਵਿਕਰੀ ਲਈ ਮਨਜੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਕੰਪਨੀਆਂ ਡਿੱਪੂ ਧਾਰਕਾਂ ਨਾਲ ਰੂਪ-ਰੇਖਾ ਤਿਆਰ ਕਰਨ ਅਤੇ ਸਮਝੌਤਾ ਕਰਨ ਦੀਆਂ ਇਛੁੱਕ ਹਨ, ਜਿਸ ਵਿੱਚ ਸਰਕਾਰ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਡਿੱਪੂ ਹੋਲਡਰਾਂ ਵਲੋਂ ਰੇਹੜੀਵਾਲਿਆਂ ਅਤੇ ਅਜਿਹੇ ਹੋਰ ਖਪਤਕਾਰਾਂ ਨੂੰ 5 ਕਿਲੋ ਐਲ.ਪੀ.ਜੀ. ਸਿਲੰਡਰਾਂ ਦੀ ਵਿਕਰੀ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਕਿਉਂ ਜੋ ਸਥਾਨਕ ਗੈਸ ਏਜੰਸੀਆਂ ਉਨ੍ਹਾਂ ਦੇ ਗਾਹਕਾਂ ਨੂੰ ਵਰਗਲਾ ਲੈਂਦੀਆਂ ਹਨ। ਇਹ ਗੱਲ ਇੰਡੀਅਨ ਆਇਲ ਕਾਰਪੋਰੇਸ਼ਨ ਨੁਮਾਇੰਦਿਆਂ ਦੇ ਤੁਰੰਤ ਧਿਆਨ ਵਿੱਚ ਲਿਆਂਦੀ ਗਈ ਜਿਹਨਾਂ ਨੇ ਇਸ ਮਸਲੇ ਦੇ ਹੱਲ ਦਾ ਭਰੋਸਾ ਦਵਾਇਆ।