ਪੰਜਾਬ

punjab

ETV Bharat / city

ਪੰਜਾਬ ਸਰਕਾਰ ਨੇ ਨਿੱਜੀ ਵਾਹਨਾਂ ਦੀ ਟਰਾਂਸਫ਼ਰ ਲਈ ਐਨਓਸੀ ਕੀਤੀ ਖ਼ਤਮ - ਵਾਹਨਾਂ ਦੀ ਟਰਾਂਸਫ਼ਰ ਲਈ ਐਨਓਸੀ ਖ਼ਤਮ

ਪੰਜਾਬ ਸਰਕਾਰ ਨੇ ਸੂਬੇ ਵਿੱਚ ਨਿੱਜੀ ਵਾਹਨਾਂ ਦੀ ਟਰਾਂਸਫ਼ਰ ਲਈ ਐਨਓਸੀ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਹੋਰਨਾਂ ਸੂਬਿਆਂ ਦੇ ਰਜਿਸਟਰਡ ਨਿੱਜੀ ਵਾਹਨਾਂ ਦੇ ਟਰਾਂਸਫ਼ਰ ਲਈ ਐਨਓਸੀ ਦੀ ਜ਼ਰੂਰਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ।

ਪੰਜਾਬ ਸਰਕਾਰ ਨੇ ਨਿੱਜੀ ਵਾਹਨਾਂ ਦੀ ਟਰਾਂਸਫ਼ਰ ਲਈ ਐਨਓਸੀ ਕੀਤੀ ਖ਼ਤਮ
ਪੰਜਾਬ ਸਰਕਾਰ ਨੇ ਨਿੱਜੀ ਵਾਹਨਾਂ ਦੀ ਟਰਾਂਸਫ਼ਰ ਲਈ ਐਨਓਸੀ ਕੀਤੀ ਖ਼ਤਮ

By

Published : Nov 6, 2020, 9:31 PM IST

ਚੰਡੀਗੜ੍ਹ: ਵਾਹਨ ਦੀ ਵਿਕਰੀ ਆਦਿ ਮੌਕੇ ਪੰਜਾਬ ਵਿੱਚ ਰਜਿਸਟਰਡ ਕਿਸੇ ਵੀ ਨਿੱਜੀ ਵਾਹਨ ਦੀ ਸੂਬੇ ਵਿਚਲੀ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਟੀ ਕੋਲ ਟਰਾਂਸਫ਼ਰ ਮੌਕੇ ਹੁਣ ਦਰਖ਼ਾਸਤਕਰਤਾ ਨੂੰ ਅਸਲ ਰਜਿਸਟਰਿੰਗ ਅਥਾਰਟੀ ਕੋਲੋਂ ਐਨਓਸੀ ਲੈਣ ਲਈ ਜਾਣ ਦੀ ਜ਼ਰੂਰਤ ਨਹੀਂ ਹੈ। ਅਜਿਹੇ ਮਾਮਲਿਆਂ ਵਿੱਚ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਐਨਓਸੀ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਾਰੀ ਪ੍ਰਕਿਰਿਆ ਇੱਕ ਆਨਲਾਈਨ ਪ੍ਰਣਾਲੀ 'ਵਾਹਨ 4.0' ਰਾਹੀਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ, ਫੀਸ ਅਤੇ ਫਿਟਨੈਸ ਆਦਿ ਰਜਿਸਟਰਿੰਗ ਅਥਾਰਟੀ ਕੋਲ ਮੁਹੱਈਆ ਹੁੰਦੀ ਹੈ। ਇਸ ਲਈ ਹੁਣ ਪੰਜਾਬ ਵਿੱਚ ਰਜਿਸਟਰਡ ਗ਼ੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਵਾਹਨ ਮਾਲਕਾਂ ਨੂੰ ਐਨਓਸੀ ਲੈਣ ਲਈ ਸਬੰਧਤ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਣਾਲੀ ਤਹਿਤ ਵਾਹਨ ਦੀ ਵਿਕਰੀ ਦੇ ਮਾਮਲੇ ਵਿੱਚ ਗ਼ੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੀ ਮਾਲਕੀ ਦਾ ਤਬਾਦਲਾ ਨਵੀਂ ਰਜਿਸਟਰਿੰਗ ਅਥਾਰਟੀ ਵਿੱਚ ਤਬਦੀਲ ਕੀਤੇ ਜਾਣ ਲਈ ਬਿਨੈਕਾਰ ਨੂੰ ਵਾਹਨ ਦੀ ਐਨਓਸੀ ਪ੍ਰਾਪਤ ਕਰਨ ਲਈ ਅਸਲ ਰਜਿਸਟਰਿੰਗ ਅਥਾਰਟੀ ਕੋਲ ਜਾਣਾ ਪੈਂਦਾ ਹੈ। ਹੁਣ ਬਿਨੈਕਾਰ ਅਸਲ ਆਰਟੀਏ/ਐਸਡੀਐਮ ਦਫ਼ਤਰਾਂ, ਜਿੱਥੇ ਵਾਹਨ ਰਜਿਸਟਰਡ ਹੈ, ਵਿਖੇ ਆਨਲਾਈਨ ਅਰਜ਼ੀ ਦੇ ਕੇ ਆਪਣੇ ਵਾਹਨ ਦਾ ਤਬਾਦਲਾ ਕਰਾ ਸਕਣਗੇ। ਇਸ ਨਾਲ ਤਬਾਦਲੇ ਲਈ ਵੱਖ-ਵੱਖ ਰਜਿਸਟਰਿੰਗ ਅਥਾਰਟੀਆਂ ਕੋਲ ਜਾਣ ਦੀ ਲੰਬੀ ਪ੍ਰਕਿਰਿਆ ਅਤੇ ਸਮੇਂ ਦੀ ਬਚਤ ਹੋਵੇਗੀ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਨਿੱਜੀ ਵਾਹਨਾਂ ਦੀ ਮਾਲਕੀ ਤਬਦੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਟਰਾਂਸਪੋਰਟ ਵਾਹਨ (ਵਪਾਰਕ) ਅਤੇ ਹੋਰਨਾਂ ਸੂਬਿਆਂ ਵਿੱਚ ਰਜਿਸਟਰਡ ਗ਼ੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਐਨਓਸੀ ਦੀ ਜ਼ਰੂਰਤ ਜਾਰੀ ਰਹੇਗੀ।

ABOUT THE AUTHOR

...view details