ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਅਨਲੌਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ 8 ਜੂਨ 2020 ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲਣ ਲਈ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ਼) ਤੇ ਦਿਸ਼ਾ ਨਿਰਦੇਸ਼ ਬਣਾਉਣ ਦੇ ਆਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਉਨ੍ਹਾਂ 1 ਜੂਨ ਤੋਂ ਗੈਰ ਸੀਮਤ ਜ਼ੋਨਾਂ ਵਿੱਚ ਸ਼ਰਾਬ, ਹਜ਼ਾਮਤ, ਬਿਊਟੀ ਪਾਰਲਰ, ਸਪਾਅ ਆਦਿ ਦੀਆਂ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਸਿਹਤ ਤੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1 ਜੂਨ ਤੋਂ 30 ਜੂਨ ਤੱਕ ਦੇ ਲੌਕਡਾਊਨ ਦੇ ਸਮੇਂ ਲਈ ਗੈਰ ਸੀਮਤ ਜ਼ੋਨਾਂ ਵਿੱਚ ਗਤੀਵਿਧੀਆਂ ਅਤੇ ਆਉਣ-ਜਾਣ ਦੀ ਇਜ਼ਾਜਤ ਦੇਣ ਲਈ ਵਿਸਥਾਰ ਵਿੱਚ ਨਿਰਧਾਰਤ ਸੰਚਾਲਨ ਵਿਧੀ ਲੈ ਕੇ ਆਉਣ।
ਸੀਮਤ ਜ਼ੋਨਾਂ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਦਿੱਤੀ ਜਾਵੇ। ਘੇਰੇ ਉਤੇ ਸਖਤੀ ਨਾਲ ਕੰਟਰੋਲ ਕੀਤਾ ਜਾਵੇ। ਅਜਿਹੇ ਜ਼ੋਨਾਂ ਦੀ ਸ਼ਨਾਖਤ ਜ਼ਿਲ੍ਹਾ ਅਥਾਰਟੀ ਵੱਲੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤੀ ਜਾਵੇਗੀ। ਜ਼ਿਲ੍ਹਾ ਅਥਾਰਟੀ ਵੱਲੋਂ ਸੀਮਤ ਜ਼ੋਨਾਂ ਤੋਂ ਬਾਹਰ ਬਫਰ ਜ਼ੋਨਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਜੇ ਬੰਦਿਸ਼ਾਂ ਦੀ ਲੋੜ ਪਈ ਤਾਂ ਲਗਾਈਆਂ ਜਾ ਸਕਣਗੀਆਂ।
ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ਦੀਆਂ ਪਾਬੰਦੀਆਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੂੰ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਨ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇੱਕ ਜੂਨ ਤੋਂ ਮੇਨ ਬਾਜ਼ਾਰ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਿਆ ਕਰਨਗੀਆਂ ਅਤੇ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ। ਮੇਨ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਰੇਹੜੀ ਮਾਰਕਿਟਾਂ ਵਿੱਚ ਭੀੜ ਭੜੱਕਾ ਰੋਕਣ ਲਈ ਸਮੇਂ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਖਤਿਆਰ ਵਰਤਣ ਲਈ ਅਧਿਕਾਰਤ ਕੀਤਾ ਗਿਆ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਦੀ ਸ਼ਰਤ ’ਤੇ ਹਜ਼ਾਮਤ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾਅ ਭਲਕ ਤੋਂ ਖੋਲਣ ਦੀ ਇਜਾਜ਼ਤ ਹੈ।
ਹਾਲਾਂਕਿ, ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਐਸ.ਓ.ਪੀਜ਼. ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਕਿ ਸ਼ਹਿਰਾਂ ਅਤੇ ਜ਼ਿਲਿਆਂ ਦਰਮਿਆਨ ਆਉਣ-ਜਾਣ ’ਤੇ ਕੋਈ ਬੰਦਿਸ਼ ਨਹੀਂ ਪਰ ਬੇਲੋੜੇ ਸਫਰ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਇਸ ਸਬੰਧ ਵਿੱਚ ਵੱਖਰੇ ਤੌਰ ’ਤੇ ਐਸ.ਓ.ਪੀ. ਜਾਰੀ ਕਰਨ ਲਈ ਆਖਿਆ।
ਮੁੱਖ ਮੰਤਰੀ ਦੇ ਹੁਕਮਾਂ ’ਤੇ ਐਤਵਾਰ ਦੀ ਸ਼ਾਮ ਜਾਰੀ ਕੀਤੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਗੈਰ-ਜ਼ਰੂਰੀ ਵਸਤਾਂ ਸਮੇਤ ਸਾਰੇ ਉਤਪਾਦਾਂ ਲਈ ਪੰਜਾਬ ਵਿੱਚ ਹੁਣ ਈ-ਕਾਮਰਸ ਦੀ ਇਜਾਜ਼ਤ ਹੈ। ਸਿਹਤ ਵਿਭਾਗ ਦੇ ਐਸ.ਓ.ਪੀਜ਼ ਦੇ ਅਨੁਸਾਰ ਖੇਡ ਕੰਪਲੈਕਸ ਅਤੇ ਸਟੇਡੀਅਮ ਵੀ ਦਰਸ਼ਕਾਂ ਤੋਂ ਬਿਨਾਂ ਖੋਲੇ ਜਾ ਸਕਦੇ ਹਨ।
ਜਿੱਥੋਂ ਤੱਕ ਬੱਸਾਂ ਦੀ ਅੰਤਰ-ਰਾਜੀ ਆਵਾਜਾਈ ਦਾ ਸਵਾਲ ਹੈ, ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਐਸ.ਓ.ਪੀਜ਼ ਦੇ ਮੁਤਾਬਕ ਹੋਰਨਾਂ ਸੂਬਿਆਂ ਦੀ ਸਹਿਮਤੀ ਨਾਲ ਬੱਸਾਂ ਚਲਾਉਣ ਦੀ ਆਗਿਆ ਹੋਵੇਗੀ। ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਅੰਤਰ-ਰਾਜੀ ਦੀ ਆਵਾਜਾਈ ਲਈ ਐਸ.ਓ.ਪੀ. ਜਾਰੀ ਕੀਤਾ ਜਾਵੇਗਾ। ਇਸੇ ਤਰਾਂ ਜ਼ਰੂਰੀ ਵਸਤਾਂ ਦੀ ਅੰਤਰ-ਰਾਜੀ ਆਵਾਜਾਈ ’ਤੇ ਬੰਦਿਸ਼ ਨਹੀਂ ਹੋਵੇਗੀ।
ਟੈਕਸੀਆਂ, ਕੈਬ, ਸਟੇਜ ਕੈਰੀਅਰ, ਟੈਂਪੂ ਟਰੈਵਲ ਅਤੇ ਕਾਰਾਂ ਵਰਗੇ ਯਾਤਰੂ ਵਾਹਨਾਂ ਦੀ ਅੰਤਰ-ਰਾਜੀ ਅਤੇ ਰਾਜ ਅੰਦਰ ਚਲਾਉਣ ’ਤੇ ਕੋਈ ਬੰਦਿਸ਼ ਨਹੀਂ ਹੈ ਪਰ ‘ਕੋਵਾ’ ਐਪ ਤੋਂ ਖੁਦ ਹੀ ਈ-ਪਾਸ ਬਣਾ ਕੇ ਡਾੳੂਨਲੋਡ ਕਰਨਾ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਐਸ.ਓ.ਪੀ. ਦੀ ਪਾਲਣਾ ਦੀ ਸ਼ਰਤ ’ਤੇ ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ੇ ਚਲਾਉਣ ਦੀ ਇਜਾਜ਼ਤ ਹੋਵੇਗੀ।
ਇਸੇ ਤਰਾਂ ਰੇਲ ਗੱਡੀਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਘਰੇਲੂ ਉਡਾਣਾਂ ਲਈ ਅੰਦਰੂਨੀ ਮੁਸਾਫਰਾਂ ਨੂੰ ਸਿਹਤ ਵਿਭਾਗ ਦੇ ਐਸ.ਓ.ਪੀਜ਼. ਦੀ ਪਾਲਣਾ ਕਰਨੀ ਹੋਵੇਗੀ ਅਤੇ ‘ਕੋਵਾ’ ਐਪ ਡਾਊਨਲੋਡ ਕਰਨ ਅਤੇ ਖੁਦ ਹੀ ‘ਈ-ਪਾਸ’ ਬਣਾਉਣ ਜਾਂ ਫਿਰ ਰੇਲਵੇ ਸਟੇਸ਼ਨ ’ਤੇ ਆਪਣੀ ਜਾਣਕਾਰੀ ਦੇਣੀ ਹੋਵੇਗੀ। ਮੁਸਾਫਰਾਂ ਨੂੰ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ।
ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਾਰੀ ਕਿਸਮ ਦੇ ਉਦਯੋਗ, ਉਸਾਰੀ ਦੀਆਂ ਗਤੀਵਿਧੀਆਂ ਨਾਲ-ਨਾਲ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਪਸ਼ੂਆਂ ਦੇ ਇਲਾਜ ਲਈ ਸੇਵਾਵਾਂ ਬਿਨਾਂ ਕਿਸੇ ਬੰਦਸ਼ ਦੇ ਚਲਾਉਣ ਦੀ ਪ੍ਰਵਾਨਗੀ ਹੋਵੇਗੀ। ਇਸ ਤੋਂ ਇਲਾਵਾ ਉਦਯੋਗਾਂ ਅਤੇ ਹੋਰ ਸਥਾਪਤੀਆਂ ਦੇ ਮੁੜ ਕੰਮ ਸ਼ੁਰੂ ਕਰਨ ਲਈ ਕਿਸੇ ਵੱਖਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਵੇਗੀ।
ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਗਤੀਵਿਧੀਆਂ ’ਤੇ ਇਸ ਗੇੜ ਦੌਰਾਨ 1 ਜੂਨ ਤੋਂ 30 ਜੂਨ ਤੱਕ ਪਾਬੰਦੀ ਹੋਵੇਗੀ ਉਨ੍ਹਾਂ ਵਿੱਚ ਸਿਨੇਮਾ ਹਾਲ, ਜ਼ਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅੰਸੈਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ ਸ਼ਾਮਲ ਹਨ।