ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੇ ਨਾਲ ਬੈਠਕ ਕੀਤੀ। ਬੈਠਕ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁੱਖ ਸਕੱਤਰ ਮੌਜੂਦ ਰਹੇ। ਮੀਟਿੰਗ 'ਚ ਸਰਕਾਰੀ ਮੁਲਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਹੁਣ ਮੁਲਾਜ਼ਮਾਂ ਦੀ ਹਾਜ਼ਰੀ ਰਜਿਸਟਰਾਂ ਚ ਦਰਜ ਕੀਤੀ ਜਾਵੇਗੀ। ਪੰਜਾਬ ਭਰ ਦੇ ਦਫਤਰਾਂ ਚ ਅਗਲੇ ਹੁਕਮਾਂ ਤੱਕ ਬਾਇਓਮੈਟ੍ਰਿਕ ਹਾਜ਼ਰੀ ਬੰਦ ਰਹੇਗੀ।
ਹੈਲਪਲਾਈਨ ਨੰਬਰ ਜਾਰੀ
ਇਸ ਤੋਂ ਇਲਾਵਾ ਚਾਰ ਸੀਨੀਅਰ ਡਾਕਟਰਾਂ ਨਾਲ ਇੱਕ ਰਾਜ ਰੈਪਿਡ ਰਿਸਪਾਂਸ ਟੀਮ ਬਣਾਈ ਗਈ ਹੈ। ਹਰੇਕ ਜ਼ਿਲੇ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਜਿਸ ਵਿਚ 24X7 ਸਖਤ ਚੌਕਸੀ ਬਣਾਈ ਰੱਖਣ ਲਈ ਜ਼ਿਲ੍ਹਾ ਰੈਪਿਡ ਰਿਸਪਾਂਸ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਸ਼ਿਕਾਇਤ/ਸੰਕਟ ਦੇ ਜਵਾਬ ਲਈ ਰਾਜ-ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਤੇ ਨਾਲ ਹੀ ਹੈਲਪਲਾਈਨ ਨੰਬਰ 88720-90029 / 0171-2920074 ਜਾਰੀ ਕੀਤਾ ਗਿਆ ਹੈ।
ਪੰਜਾਬ 'ਚ ਕੋਰੋਨਾ ਦਾ ਕੋਈ ਮਰੀਜ਼ ਨਹੀਂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ 13 ਸ਼ੱਕੀ ਮਰੀਜ਼ ਹਨ ਜਿਨ੍ਹਾਂ ਦੀ ਰਿਪੋਰਟ ਦੋ-ਤਿੰਨ ਦਿਨਾਂ ਤੱਕ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਇਟਲੀ ਤੋਂ ਪੰਜਾਬ ਦੇ ਵਿੱਚ ਟਰੈਵਲ ਕਰਨ ਵਾਲੇ ਯਾਤਰੀਆਂ ਕਾਰਨ ਇਹ ਵਾਇਰਸ ਫੈਲ ਰਿਹਾ ਹੈ ਪਰ ਸੂਬਾ ਸਰਕਾਰ ਵੱਲੋਂ ਪੁਖਤਾ ਇੰਤਜਾਮ ਕਰ ਲਏ ਗਏ ਹਨ। ਸਰਕਾਰ ਜਲਦ ਹੀ ਇਸ਼ਤਿਹਾਰਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰੇਗੀ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਸਣੇ ਕਈ ਥਾਵਾਂ ਤੇ ਹੋਰਡਿੰਗ ਲਗਾ ਕੇ ਲੋਕਾਂ ਨੂੰ ਅਲਰਟ ਕੀਤਾ ਜਾਵੇਗਾ।
'ਮਾਸਕ ਨਹੀਂ ਸਾਵਧਾਨੀ ਜ਼ਰੂਰੀ'
ਬਲਬੀਰ ਸਿੱਧੂ ਨੇ ਵੀ ਕਿਹਾ ਕਿ ਮਾਸਕ ਬਾਰੇ ਵੀ ਜ਼ਿਆਦਾ ਪੈਨਿਕ ਫੈਲਾਇਆ ਜਾ ਰਿਹਾ। ਮਾਸਕ ਪਹਿਣਨਾ ਜ਼ਰੂਰੀ ਨਹੀਂ, ਸਾਵਧਾਨੀ ਵਰਤਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮਾਸਕ ਵੇਚਣ ਵਾਲੀਆਂ ਕੰਪਨੀਆਂ ਦੇ ਨੈਕਸਸ ਪਿੱਛੇ ਬਲਬੀਰ ਸਿੱਧੂ ਨੇ ਕਿਹਾ ਅਜਿਹਾ ਕੁਝ ਨਹੀਂ ਹੈ। ਕਰੋਨਾ ਵਾਇਰਸ ਪੂਰੀ ਦੁਨੀਆਂ ਦੇ ਵਿੱਚ ਹੈ। ਇਟਲੀ ਦੀ ਗੱਲ ਕਰ ਲਈ ਜਾਵੇ ਤਾਂ ਇਟਲੀ ਨੇ ਆਪਣੇ 24-25 ਸ਼ਹਿਰ ਸੀਲ ਕਰ ਦਿੱਤੇ ਹਨ।
ਧਾਰਮਿਕ ਸਥਾਨਾਂ ਨੂੰ ਅਪੀਲ
ਬਲਬੀਰ ਸਿੱਧੂ ਨੇ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਧਾਰਮਿਕ ਸਥਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜ਼ਿਆਦਾ ਇਕੱਠ ਨਾ ਕੀਤਾ ਜਾਵੇ ਅਤੇ ਆਪਣੇ ਬਚਾਅ ਦੇ ਵੀ ਸੁਝਾਅ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ।