ਚੰਡੀਗੜ੍ਹ: ਪੰਜਾਬ 'ਚ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੀਆਈਪੀ ਸੁਰੱਖਿਆ ਉੱਤੇ ਕੈਂਚੀ ਚਲਾਈ ਹੈ। ਪੰਜਾਬ ਦੇ 8 ਲੀਡਰਾਂ ਦੀ ਸੁਰੱਖਿਆ 'ਚ ਭਾਰੀ ਕਟੌਤੀ ਕੀਤੀ ਗਈ ਹੈ।
ਇਨ੍ਹਾਂ ਆਗੂਆਂ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹਨ। ਸੁਰੱਖਿਆ ਵਿਚ ਕਟੌਤੀ ਤੋਂ ਬਾਅਦ 127 ਪੁਲਿਸ ਮੁਲਾਜ਼ਮਾਂ ਅਤੇ 9 ਪਾਇਲਟ ਵਾਹਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਮਾਨ ਸਰਕਾਰ ਦਾ ਕਹਿਣਾ ਹੈ ਕਿ ਜਨਤਾ ਦੀ ਸੁਰੱਖਿਆ ਲਈ ਹੁਣ ਉਨ੍ਹਾਂ ਨੂੰ ਵਾਪਸ ਥਾਣੇ ਲਿਜਾਇਆ ਜਾਵੇਗਾ।
ਜਾਣੋ ਕਿਸ ਦੀ ਸੁਰੱਖਿਆ 'ਚ ਕਿੰਨੀ ਹੋਈ ਕਟੌਤੀ:
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ: ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਸ਼੍ਰੇਣੀ ਵਿੱਚ ਰੱਖਿਆ ਸੀ। ਉਨ੍ਹਾਂ ਕੋਲ 13 ਕਰਮਚਾਰੀ ਅਤੇ ਇੱਕ ਵਾਹਨ ਸੀ। ਹੁਣ ਉਨ੍ਹਾਂ ਦੀ ਸੁਰੱਖਿਆ ਵਾਈ ਸ਼੍ਰੇਣੀ ਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕੋਲ ਸਿਰਫ਼ 11 ਕਰਮਚਾਰੀ ਹੋਣਗੇ। 2 ਮੁਲਾਜ਼ਮਾਂ ਅਤੇ ਵਾਹਨ ਨੂੰ ਵਾਪਸ ਬੁਲਾ ਲਿਆ ਗਿਆ ਹੈ।
ਰਜਿੰਦਰ ਕੌਰ ਭੱਠਲ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲ 36 ਪੁਲਿਸ ਮੁਲਾਜ਼ਮ ਅਤੇ 3 ਗੱਡੀਆਂ ਸਨ। ਉਨ੍ਹਾਂ ਕੋਲ ਵਾਈ ਸ਼੍ਰੇਣੀ ਦੀ ਸੁਰੱਖਿਆ ਸੀ। ਹੁਣ ਉਨ੍ਹਾਂ ਤੋਂ 28 ਪੁਲਿਸ ਮੁਲਾਜ਼ਮ ਅਤੇ ਤਿੰਨੋਂ ਗੱਡੀਆਂ ਵਾਪਸ ਲੈ ਲਈਆਂ ਗਈਆਂ ਹਨ। ਭੱਠਲ ਦੀ ਸੁਰੱਖਿਆ ਵਿੱਚ ਸਿਰਫ਼ 8 ਪੁਲਿਸ ਮੁਲਾਜ਼ਮ ਹੋਣਗੇ।
ਸੁਨੀਲ ਜਾਖੜ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ ਨੂੰ ਜ਼ੈੱਡ ਸੁਰੱਖਿਆ ਸ਼੍ਰੇਣੀ 'ਚ ਰੱਖਿਆ ਗਿਆ ਸੀ। ਉਨ੍ਹਾਂ 14 ਪੁਲਿਸ ਮੁਲਾਜ਼ਮ ਅਤੇ ਇੱਕ ਵਾਹਨ ਵੀ ਸੀ। ਮਾਨ ਸਰਕਾਰ ਦਾ ਤਰਕ ਹੈ ਕਿ ਉਨ੍ਹਾਂ ਨੂੰ ਕੋਈ ਸੁਰੱਖਿਆ ਖਤਰਾ ਨਹੀਂ ਹੈ। ਉਨ੍ਹਾਂ ਦੇ 12 ਪੁਲਿਸ ਮੁਲਾਜ਼ਮ ਅਤੇ ਇੱਕ ਗੱਡੀ ਵਾਪਸ ਲੈ ਲਈ ਗਈ ਹੈ।