ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਵਾਅਦੇ ਮੁਤਾਬਿਕ ਸੀਐੱਮ ਭਗਵੰਤ ਮਾਨ ਵੱਲੋਂ 5 ਲੱਖ ਰੁਪਏ ਦੀ ਆਰਥਿਕ ਮਦਦ ਕਰਨ ਦਾ ਵਾਅਦਾ ਪੂਰਾ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਰਾਸ਼ੀ ਕਿਸਾਨ ਅੰਦੋਲਨ ਦੌਰਾਨ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੇ ਲਈ ਰਾਸ਼ੀ ਜਾਰੀ ਕੀਤੀ ਗਈ ਹੈ।
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਸ ਸਬੰਧੀ ਟਵੀਟ ਕੀਤਾ ਗਿਆ ਹੈ। ਟਵੀਟ ’ਚ ਕਿਹਾ ਗਿਆ ਹੈ ਕਿ ਮਾਨ ਸਰਕਾਰ ਵਾਅਦੇ ਦੀ ਪੱਕੀ। ਕਿਸਾਨਾਂ ਨਾਲ ਮੀਟਿੰਗ ਮਗਰੋਂ 3 ਦਿਨਾਂ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਤਹਿਤ 5 ਲੱਖ ਪ੍ਰਤੀ ਪਰਿਵਾਰ ਦੀ ਰਾਸ਼ੀ ਜਾਰੀ ਕੀਤੀ। ਹੁਣ ਤੱਕ ਪੰਜਾਬ ਸਰਕਾਰ ਨੇ 39.55 ਕਰੋੜ ਦੀ ਰਾਸ਼ੀ ਜਾਰੀ ਕਰ ਚੁੱਕੀ ਹੈ।
ਮਾਨ ਸਰਕਾਰ ਵੱਲੋਂ ਵਾਅਦਾ ਪੂਰਾ:ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਵੱਜੋ 5 ਲੱਖ ਰੁਪਏ ਪ੍ਰਤੀ ਪਰਿਵਾਰ ਦਿੱਤੇ ਗਏ ਹਨ। ਜਿਨ੍ਹਾਂ ਚ ਮਾਨਸਾ ਦੇ ਕੁੱਲ 89 ਪਰਿਵਾਰਾਂ ਨੂੰ ਕੁੱਲ 4.60 ਕਰੋੜ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ, ਜਦੋਂ ਕਿ ਤਰਨ ਤਾਰਨ ਦੇ 21 ਪਰਿਵਾਰਾਂ ਨੂੰ 1.05 ਕਰੋੜ ਰੁਪਏ, ਸੰਗਰੂਰ ਦੇ 117 ਪਰਿਵਾਰਾਂ ਨੂੰ 5.85 ਕਰੋੜ ਰੁਪਏ, ਮੋਗਾ ਦੇ 69 ਪਰਿਵਾਰਾਂ ਨੂੰ 3.45 ਕਰੋੜ ਰੁਪਏ, ਫਾਜ਼ਿਲਕਾ ਦੇ 10 ਪਰਿਵਾਰਾਂ ਨੂੰ 50 ਲੱਖ ਰੁਪਏ, ਲੁਧਿਆਣਾ ਦੇ 48 ਪਰਿਵਾਰਾਂ ਨੂੰ 2.37 ਕਰੋੜ ਰੁਪਏ, ਬਰਨਾਲਾ ਦੇ 43 ਪਰਿਵਾਰਾਂ ਨੂੰ 2.15 ਕਰੋੜ ਰੁਪਏ, ਪਟਿਆਲਾ ਦੇ 111 ਪਰਿਵਾਰਾਂ ਨੂੰ 5.55 ਕਰੋੜ ਰੁਪਏ, ਅੰਮ੍ਰਿਤਸਰ ਦੇ 19 ਪਰਿਵਾਰਾਂ ਨੂੰ 95 ਲੱਖ ਰੁਪਏ, ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਪਰਿਵਾਰਾਂ ਨੂੰ 35 ਲੱਖ ਰੁਪਏ, ਐਸ.ਏ.ਐਸ. ਨਗਰ ਦੇ 10 ਪਰਿਵਾਰਾਂ ਨੂੰ 50 ਲੱਖ ਰੁਪਏ ਅਤੇ ਬਠਿੰਡਾ ਦੇ 83 ਪਰਿਵਾਰਾਂ ਨੂੰ ਕੁੱਲ 4.15 ਕਰੋੜ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ।
ਕਿਸਾਨਾਂ ਨਾਲ ਕੀਤੀ ਗਈ ਸੀ ਮੀਟਿੰਗ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੀਐੱਮ ਭਗਵੰਤ ਮਾਨ ਅਤੇ ਕਿਸਾਨਾਂ ਦੀ ਮੀਟਿੰਗ ਹੋਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੀਐੱਮ ਮਾਨ ਵੱਲੋਂ ਕਿਸਾਨਾਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ 3 ਅਗਸਤ ਨੂੰ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜੋ:ਸੀਐੱਮ ਮਾਨ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਹੋਏ ਪੇਸ਼, ਜਾਣੋ ਮਾਮਲਾ