ਚੰਡੀਗੜ: ਸ਼ੁੱਕਰਵਾਰ ਨੂੰ ਲੱਦਾਖ ਦੇ ਸ਼ਿਓਕ ਨਦੀ ਵਿੱਚ ਬਚਾਅ ਕਾਰਜਾਂ ਦੌਰਾਨ ਕਿਸ਼ਤੀ ਡੁੱਬਣ ਕਾਰਨ ਪਟਿਆਲਾ ਦੇ ਫੌਜੀ ਜਵਾਨ ਲਾਂਸ ਨਾਇਕ ਸਲੀਮ ਖਾਨ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਫੌਜੀ ਜਵਾਨ ਦੀ ਕੁਰਬਾਨੀ ਨੂੰ ਸਾਲਮ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਸਲੀਮ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਭਾਰਤ-ਚੀਨ ਸਰਹੱਦ ਨੇੜੇ ਸ਼ਿਓਕ ਵਿੱਚ ਆਪਣੀ ਜਾਨ ਦੇਣ ਵਾਲੇ ਪਟਿਆਲਾ ਦੇ 24 ਸਾਲਾ ਨੌਜਵਾਨ ਫੌਜੀ ਦੇ ਪਰਿਵਾਰ ਨਾਲ ਆਪਣੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗੀ ਅਤੇ ਪੂਰਨ ਸਹਿਯੋਗ ਦੇਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, ''ਲੱਦਾਖ ਵਿੱਚ ਲਾਂਸ ਨਾਇਕ ਸਲੀਮ ਖਾਨ ਦੇ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਂ ਹੇੜੀ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਦੇਸ਼ ਆਪਣੇ ਬਹਾਦਰ ਫੌਜੀਆਂ ਸਲਾਮ ਕਰਦਾ ਹੈ। ਜੈ ਹਿੰਦ।''
ਬੰਗਾਲ ਇੰਜਨੀਅਰ ਗਰੁੱਪ ਦਾ ਲਾਂਸ ਨਾਇਕ ਸਲੀਮ ਖਾਨ 25 ਜੂਨ ਨੂੰ ਲੱਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ 'ਤੇ ਦਰਿਆ ਕੋਲ ਗਸ਼ਤ ਕਰਦਿਆਂ ਲੜਾਈ ਦਾ ਸ਼ਿਕਾਰ ਹੋ ਗਿਆ ਸੀ।
ਸਲੀਮ ਖਾਨ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਪਿੰਡ ਵਿੱਚ ਪੂਰੇ ਸੈਨਿਕ ਸਨਮਾਨਾਂ ਨਾਲ ਦਫਨਾਇਆ ਗਿਆ ਜਿੱਥੇ ਸੂਬਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਰਧਾਂਜਲੀ ਭੇਂਟ ਕੀਤੀ। ਸੈਨਿਕ ਆਪਣੇ ਪਿੱਛੇ ਮਾਤਾ ਪਿਤਾ, ਵਿਆਹੀ ਭੈਣ ਤੇ ਇਕ ਭਰਾ ਛੱਡ ਗਿਆ ਹੈ।