ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਗੋਬਿੰਦਗੜ੍ਹ ਨੂੰ ਛੱਡ ਕੇ ਸੂਬੇ ਵਿੱਚ ਦਿਵਾਲੀ ਅਤੇ ਗੁਰਪੁਰਬ 'ਤੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕ੍ਰਿਸਮਿਸ ਦੇ ਤਿਉਹਾਰ 'ਤੇ ਵੀ ਕੁੱਝ ਰੋਕਾਂ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਮੰਡੀ ਗੋਬਿੰਦਗੜ੍ਹ, ਜਿੱਥੋਂ ਦੀ ਆਬੋ-ਹਵਾ ਦਾ ਪੱਧਰ ਮਾੜਾ ਹੈ, ਵਿੱਚ ਅੱਧੀ ਰਾਤ ਤੋਂ ਭਾਵ 9-10 ਨਵੰਬਰ ਤੋਂ ਲੈ ਕੇ 30 ਨਵੰਬਰ-1 ਦਸੰਬਰ ਤੱਕ ਮੁਕੰਮਲ ਪਾਬੰਦੀ ਲਾਗੂ ਕੀਤੀ ਗਈ ਹੈ।
ਹੁਕਮਾਂ ਮੁਤਾਬਕ ਸਿਰਫ ਹਰੇ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਹੋਵੇਗੀ ਅਤੇ ਇਹ ਹੁਕਮ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਕੋਵਿਡ ਦੀ ਸਮੱਸਿਆ ਪਟਾਕਿਆਂ ਨਾਲ ਹੋਰ ਗੰਭੀਰ ਹੋ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਖ-ਵੱਖ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਕੀਤੇ ਗਏ ਹਨ।