ਚੰਡੀਗੜ੍ਹ:ਪੰਜਾਬ ’ਚ ਸੱਤਾ ਹਾਸਿਲ ਕਰਨ ਤੋਂ ਬਾਅਦ ਮਾਨ ਸਰਕਾਰ ਵੱਲੋਂ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ। ਇਸੇ ਦੇ ਚੱਲਦੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਮਹਿਕਮੇ ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਵਿੱਚ ਵਿਗੜਦੇ ਮਾਹੌਲ ਦੇ ਦਰਮਿਆਨ ਮਾਨ ਸਰਕਾਰ ਨੇ ਪੰਜਾਬ ਪੁਲਿਸ ਮਹਿਕਮੇ ਵਿੱਚ ਵੱਡਾ ਫੇਰਬਦਲ ਕੀਤਾ ਹੈ। ਦੱਸ ਦਈਏ ਕਿ ਸਰਕਾਰ ਵੱਲੋਂ 7 ਆਈਏਐਸ ਅਧਿਕਾਰੀ ਅਤੇ ਇੱਕ ਇੰਡੀਅਨ ਫਾਰੇਸਟ ਸਰਵਿਸਜ਼ ਦੇ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ 34 ਪੀਸੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ।
ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਚ ਕੁੱਲ 42 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਸ ਚ 7 ਆਈਪੀਐਸ, ਇੱਕ ਆਈਐਫਐਸ ਅਤੇ 34 ਪੀਸੀਐਸ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।
ਗੁਰਪ੍ਰੀਤ ਕੌਰ ਸਪਰਾ ਹੁਣ ਵਿੱਤ ਸਕੱਤਰ ਦੇ ਨਾਲ ਜਲੰਧਰ ਦੀ ਡਿਵੀਜ਼ਨਲ ਕਮਿਸ਼ਨਰ ਹੋਵੇਗੀ। ਪ੍ਰਦੀਪ ਕੁਮਾਰ ਨੂੰ ਟਰਾਂਸਪੋਰਟ ਵਿਭਾਗ ਦਾ ਵਿਸ਼ੇਸ਼ ਸਕੱਤਰ ਲਾਇਆ ਗਿਆ ਹੈ। ਨੀਲਿਮਾ ਨੂੰ ਫੂਡ ਐਂਡ ਡਰੱਗ ਕਮਿਸ਼ਨਰ ਅਤੇ ਸਟੇਟ ਹੈਲਥ ਏਜੰਸੀ ਦਾ ਸੀਈਓ ਬਣਾਇਆ ਗਿਆ ਹੈ। ਰਾਜੀਵ ਕੁਮਾਰ ਗੁਪਤਾ ਡੀਪੀਆਈ ਕਾਲਜ ਅਤੇ ਤਕਨੀਕੀ ਸਿੱਖਿਆ ਸਕੱਤਰ ਹੋਣਗੇ। ਟੀ.ਬੇਨੀਥ ਨੂੰ ਮਾਨਸਾ ਦਾ ਏ.ਡੀ.ਸੀ ਵਿਕਾਸ ਤਾਇਨਾਤ ਕਰਕੇ ਸ਼ਹਿਰੀ ਵਿਕਾਸ ਦਾ ਚਾਰਜ ਵੀ ਦਿੱਤਾ ਗਿਆ ਹੈ। IFS ਅਧਿਕਾਰੀ ਮਨੀਸ਼ ਕੁਮਾਰ ਨੂੰ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।