ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿੱਜੀ ਸਕੂਲਾਂ ਦੇ ਖਿਲਾਫ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਸੀਐੱਮ ਮਾਨ ਵੱਲੋਂ ਜਾਰੀ ਕੀਤੇ ਗਏ ਹੁਕਮ ਦੇ ਮੁਤਾਬਿਕ ਨਿੱਜੀ ਸਕੂਲਾਂ ਖਿਲਾਫ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਲਈ ਜ਼ਿਲ੍ਹਾ ਕਮੇਟੀਆਂ ਰੀਐਕਟਿਵ ਹੋਣਗੀਆਂ ਜਿਨ੍ਹਾਂ ਨੂੰ ਡੀਸੀ ਵੱਲੋਂ ਚਲਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਨਿੱਜੀ ਸਕੂਲਾਂ ਖਿਲਾਫ ਮਿਲਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਨੂੰ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਮੌਨੀਟਰਿੰਗ ਕਰਨਗੇ।
ਇਸ ਸਬੰਧੀ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਖਿਲਾਫ ਮਿਲ ਰਹੀਆਂ ਸ਼ਕਾਇਤਾਂ ਦੇ ਮੱਦੇਨਜਰ, ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਤਰ੍ਹਾਂ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮਾਪਿਆਂ ’ਤੇ ਦਬਾਅ ਨਾ ਪਾਉਣ ਸਕੂਲ: ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਵਰਦੀਆਂ ਅਤੇ ਕਿਤਾਬਾਂ ਨੂੰ ਲੈ ਕੇ ਸਰਕਾਰ ਨੇ ਕਿਹਾ ਹੈ ਕਿ ਸਕੂਲਾਂ ਵੱਲੋਂ ਮਾਪਿਆਂ ’ਤੇ ਦਬਾਅ ਨਹੀਂ ਪਾਉਣਗੇ। ਸਕੂਲਾਂ ਚ ਦੁਕਾਨਾਂ ਦੀ ਲਿਸਟ ਲੱਗੀ ਹੋਣੀ ਚਾਹੀਦੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਸਕੂਲਾਂ ਵੱਲੋਂ ਦੋ ਸਾਲਾਂ ਤੱਕ ਸਕੂਲ ਦੀ ਵਰਦੀ ਨਾ ਬਦਲੀ ਜਾਵੇ।