ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਨਿਊਜ਼ ਵੈਬ ਚੈਨਲਾਂ ਨੂੰ ਲੈ ਕੇ ਨਵੀਂ ਪਾਲਿਸੀ ਜਾਰੀ ਕੀਤੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨਿਊਜ਼ ਵੈਬ ਚੈਨਲਾਂ ਨੂੰ ਸੂਚੀਬੱਧ ਕਰਨ ਲਈ ‘ਦਿ ਪੰਜਾਬ ਨਿਊਜ਼ ਵੈੱਬ ਚੈਨਲ ਪਾਲਿਸੀ, 2021’ ਜਾਰੀ ਕੀਤੀ ਹੈ। ਇਸ ਸਬੰਧ ਚ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਪ੍ਰਚਾਰ ਲਈ ਇਨ੍ਹਾਂ ਮੰਚਾਂ ਦੀ ਵਰਤੋਂ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ‘ਦਿ ਪੰਜਾਬ ਨਿਊਜ਼ ਵੈੱਬ ਚੈਨਲ ਪਾਲਿਸੀ, 2021’ ਪਾਲਿਸੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਯੂਟਿਊਬ ‘ਤੇ ਚੱਲ ਰਹੇ ਨਿਊਜ਼ ਚੈਨਲਾਂ ਨੂੰ ਕਵਰ ਕਰੇਗਾ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਪਾਲਿਸੀ ਤਹਿਤ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਸੂਚੀਬੱਧ ਕੀਤੇ ਜਾਣ ਵਾਲੇ ਚੈਨਲ ਸਿਰਫ ਰਾਜਨੀਤਕ ਇੰਟਰਵਿਊਆਂ ਜਾਂ ਖਬਰਾਂ, ਡੇਲੀ ਨਿਊਜ਼ ਬੁਲੇਟਿਨ, ਬਹਿਸ ਜਾਂ ਵਿਚਾਰ ਵਟਾਂਦਰੇ ਵਿਸ਼ੇਸ਼ ਕਰਕੇ ਸੰਪਾਦਕੀ ਇੰਟਰਵਿਊਆਂ ਅਤੇ ਪੰਜਾਬ ਸਬੰਧੀ ਖਬਰਾਂ ਦੌਰਾਨ ਹੀ ਸਰਕਾਰੀ ਇਸ਼ਤਿਹਾਰ ਪ੍ਰਦਰਸ਼ਿਤ ਕਰਨਗੇ। ਇਸ ਨੀਤੀ ਨਾਲ ਸਬੰਧਿਤ ਨਿਯਮ ਅਤੇ ਸ਼ਰਤਾਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਜਾਂ ਵਿਭਾਗ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।