ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਸਰਕਾਰੀ ਮੈਗਜ਼ੀਨਾਂ ਦਾ ਨਵੰਬਰ ਦਾ ਅੰਕ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਵਿਚ ਪਹਿਲੀ ਪਾਤਸ਼ਾਹੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਵਲੋਂ ਦਿੱਤਾ ਗਿਆ ਭਾਸ਼ਣ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਅਤੇ ਹੋਰਨਾਂ ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਸਮੇਂ-ਸਮੇਂ 'ਤੇ ਲਿਖੇ ਵਿਚਾਰਾਂ ਦਾ ਤਰਜਮਾ ਕਰਕੇ ਛਾਪਿਆ ਗਿਆ ਹੈ।
ਗੁਰੂ ਨਾਨਕ ਦੇਵ ਜੀ ਬਾਰੇ ਛਾਪੇ ਗਏ ਵਿਸ਼ੇਸ਼ ਅੰਕ ਵਿਚ ਸਿੱਖ ਇਤਿਹਾਸ ਵਿਚ ਰਾਗ ਆਧਾਰਤ ਗੁਰਬਾਣੀ ਗਾਇਨ ਦੇ ਆਧਾਰ 'ਰਬਾਬ' ਬਾਰੇ ਉੱਘੇ ਲੇਖਕ ਰਵੀ ਪੰਧੇਰ ਵੱਲੋਂ ਲਿਖਿਆ ਖੋਜ ਭਰਪੂਰ ਲੇਖ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਰਬਾਬ ਦੀ ਇਤਿਹਾਸਕ ਮਹੱਤਤਾ ਅਤੇ ਉਸਦੀਆਂ ਦੋ ਵੱਖ-ਵੱਖ ਸ਼੍ਰੇਣੀਆਂ 'ਕਸ਼ਮੀਰੀ ਅਤੇ ਹਿੰੰਦੋਸਤਾਨੀ' ਰਬਾਬ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਡਾ. ਉੱਜਲ ਸਿੰਘ ਤੇ ਪ੍ਰਸਿੱਧ ਲੇਖਕ ਡਾ. ਮਹੀਪ ਸਿੰਘ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਤੇ ਖੋਜਸੰਸਥਾਵਾਂ ਦੇ ਇਤਿਹਾਸਕਾਰਾਂ ਵੱਲੋਂ ਵੀ ਲੇਖ ਲਿਖੇ ਗਏ ਹਨ। ਪੰਜਾਬ ਸਰਕਾਰ ਵਲੋਂ ਇੱਕ ਹੋਰ ਵੱਡਾ ਉਪਰਾਲਾ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ 'ਚ ਪ੍ਰਕਾਸ਼ਤ ਕੀਤੇ ਗਏ ਇਨ੍ਹਾਂ ਰਸਾਲਿਆਂ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਗਤ ਵਿਚ ਮੁਫ਼ਤ ਵੰਡਿਆ ਜਾ ਰਿਹਾ ਹੈ।
ਇਸ ਵਿਚ 60 ਹਜ਼ਾਰ ਵਿਕਾਸ ਜਾਗ੍ਰਿਤੀ ਮੈਗ਼ਜ਼ੀਨ (ਪੰਜਾਬੀ), 15 ਹਜ਼ਾਰ ਵਿਕਾਸ ਜਾਗ੍ਰਿਤੀ ਮੈਗ਼ਜ਼ੀਨ (ਹਿੰਦੀ) ਅਤੇ 25 ਹਜ਼ਾਰ ਅਡਵਾਂਸ ਮੈਗ਼ਜ਼ੀਨ (ਅੰਗਰੇਜ਼ੀ), 40 ਹਜ਼ਾਰ ਬਰੋਸ਼ਰ (ਪੰਜਾਬੀ), 35 ਹਜ਼ਾਰ ਬਰੋਸ਼ਰ (ਅੰਗਰੇਜ਼ੀ), ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ 5-5 ਹਜ਼ਾਰ ਫਲੇਅਰ ਅਤੇ 15 ਹਜ਼ਾਰ ਵੈਲਕਮ ਫੋਲਡਰ ਸ਼ਾਮਿਲ ਹਨ। ਪ੍ਰਕਾਸ਼ਨਾ ਨੂੰ ਮੁਫ਼ਤ ਵੰਡਣ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ, ਜੀਵਨ, ਉਦਾਸੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਪੱਖਾਂ ਤੋਂ ਜਾਣੂੰ ਕਰਵਾਉਣਾ ਹੈ।