ਚੰਡੀਗੜ੍ਹ: ਸੂਬਾ ਭਰ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਕੇ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 5 ਅਪ੍ਰੈਲ ਸੂਬੇ ਦੇ ਪੁਲਿਸ ਮੁਖੀ ਵੀ.ਕੇ. ਭਾਵਰਾ ਨੂੰ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ.) ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਮੁੱਖ ਮੰਤਰੀ ਦਾ ਕੀ ਹੈ ਕਹਿਣਾ: ਪੁਲਿਸ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਸੰਗਠਿਤ ਅਪਰਾਧ ਦੇ ਖਾਤਮੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਿਸ ਤੰਤਰ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਮੁੱਖ ਤਰਜੀਹ ਹੈ। ਉਨ੍ਹਾਂ ਨੇ ਨਸ਼ਿਆਂ ਦੇ ਵਪਾਰ ਅਤੇ ਕਬੱਡੀ ਜਗਤ ਵਿੱਚ ਪਹਿਲਾਂ ਹੀ ਆਪਣੇ ਪੈਰ ਪਾਸਾਰ ਚੁੱਕੇ ਇਸ ਗਠਜੋੜ ਨੂੰ ਤੋੜਨ ਲਈ ਪੁਲਿਸ ਫੋਰਸ ਨੂੰ ਫੰਡਾਂ ਤੋਂ ਇਲਾਵਾ ਲੋੜੀਂਦੇ ਸਟਾਫ਼, ਨਵੀਨਤਮ ਸਾਜ਼ੋ-ਸਾਮਾਨ ਅਤੇ ਸੂਚਨਾ ਤਕਨਾਲੋਜੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਨਵੇਂ ਥਾਣਿਆਂ ਨੂੰ ਜਲਦ ਹੀ ਨੋਟੀਫਾਈ ਕੀਤਾ ਜਾਵੇਗਾ: ਹੋਰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏ.ਜੀ.ਟੀ.ਐਫ. ਦੇਸ਼ ਵਿੱਚ ਅਜਿਹੀਆਂ ਵਿਸ਼ੇਸ਼ ਯੂਨਿਟਾਂ ਦੀ ਤਰਜ਼ 'ਤੇ ਖੁਫੀਆ ਜਾਣਕਾਰੀ ਹਾਸਲ ਕਰਨ, ਕਾਰਵਾਈਆਂ ਕਰਨ, ਐਫ.ਆਈ.ਆਰਜ਼ ਦਰਜ ਕਰਨ, ਜਾਂਚ ਅਤੇ ਮੁਕੱਦਮਾ ਚਲਾਉਣ ਦਾ ਕੰਮ ਕਰੇਗੀ। ਜ਼ਿਲ੍ਹਿਆਂ ਦੇ ਪੁਲੀਸ ਕਮਿਸ਼ਨਰਾਂ ਅਤੇ ਐਸ.ਐਸ.ਪੀ ਨੂੰ ਸੰਗਠਿਤ ਅਪਰਾਧਾਂ ਵਿਰੁੱਧ ਆਪਸੀ ਤਾਲਮੇਲ ਨਾਲ ਯਤਨ ਕਰਨ ਦੇ ਨਿਰਦੇਸ਼ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਭਰ ਵਿੱਚ ਸੰਗਠਿਤ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਲਈ ਸੂਬਾ ਪੱਧਰੀ ਅਧਿਕਾਰ ਖੇਤਰ ਵਾਲੇ ਨਵੇਂ ਥਾਣਿਆਂ ਨੂੰ ਜਲਦ ਹੀ ਨੋਟੀਫਾਈ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚ ਗੈਂਗਸਟਰਾਂ ਵੱਲੋਂ ਫੈਲਾਈ ਦਹਿਸ਼ਤ ਨੂੰ ਦੂਰ ਕੀਤਾ ਜਾ ਸਕੇ।
ਢਿੱਲ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖਣ ਲਈ ਜੇਲ੍ਹ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਹਨ ਅਤੇ ਇਸ ਸੰਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੰਗਰੂਰ ਜ਼ਿਲ੍ਹੇ ਵਿੱਚ ਕੀਤੀ ਗਈ ਪਹਿਲ ਕਦਮੀ: ਸੰਗਰੂਰ ਜ਼ਿਲ੍ਹੇ ਵਿੱਚ ਅਪਰਾਧ ਦੀ ਦਰ ਵਿੱਚ ਭਾਰੀ ਗਿਰਾਵਟ ਲਿਆਉਣ ਸੰਬੰਧੀ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਮਾਨ ਨੇ ਕਿਹਾ ਕਿ ਬਤੌਰ ਸੰਸਦ ਮੈਂਬਰ ਉਨ੍ਹਾਂ ਨੇ ਆਪਣੇ ਐਮ.ਪੀ. ਫੰਡ ਵਿੱਚੋਂ ਜ਼ਿਲ੍ਹੇ ਦੇ ਪ੍ਰਮੁੱਖ ਕਸਬਿਆਂ ਵਿੱਚ ਸਥਾਨਕ ਪੁਲਿਸ ਸਟੇਸ਼ਨਾਂ ਨਾਲ ਜੁੜੇ ਵਾਈ-ਫਾਈ, ਸੀਸੀਟੀਵੀ ਕੈਮਰੇ ਲਾਉਣ ਦੀ ਪਹਿਲਕਦਮੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ "ਇਸ ਪ੍ਰਾਜੈਕਟ ਤਹਿਤ ਬਹੁਤ ਘੱਟ ਕੀਮਤ 'ਤੇ ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਨੇ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ।"