ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਵੱਖ ਵੱਖ ਸਰੋਤਾਂ ਤੋਂ ਇਕੱਠੀ ਕੀਤੀ ਆਮਦਨ ਦੇ ਲੇਖੇ ਜੋਖੇ ਬਾਰੇ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜੀਐਸਟੀ ਕਲੈਕਸ਼ਨ ਤੋਂ ਰਿਕਾਰਡ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 4 ਮਹੀਨਿਆਂ ਵਿੱਚ ਸਰਕਾਰ ਦੀ ਆਮਦਨ ਵਿੱਚ ਰਿਕਾਰਡ 24.15% ਦਾ ਵਾਧਾ ਹੋਇਆ ਹੈ। ਇਸ ਮੌਕੇ ਵਿੱਤ ਮੰਤਰੀ ਨੇ ਪਿਛਲੀ ਸਰਕਾਰ ਦੀ ਆਮਦਨ ਨਾਲ ਤੁਲਨਾ ਵੀ ਕੀਤੀ ਹੈ।
'8100 ਦਾ ਕਰਜ਼ ਲੈੈ 10, 366 ਕਰੋੜ ਮੋੜੇ': ਇਸਦੇ ਨਾਲ ਹੀ ਵਿੱਤ ਮੰਤਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਰਕਾਰ ਨੇ 10 ਹਜ਼ਾਰ 366 ਕਰੋੜ ਦਾ ਕਰਜ਼ ਵੀ ਵਾਪਸ ਕੀਤਾ ਹੈ। ਉਨ੍ਹਾਂ ਦੱਸਿਆ ਕਿ 8100 ਕਰੋੜ ਦਾ ਕਰਜ਼ ਲਿਆ ਗਿਆ ਸੀ ਪਰ ਮੋੜਿਆ 10 ਹਜ਼ਾਰ ਕਰੋੜ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਵਿਆਜ਼ ਸਮੇਤ ਕਰਜ਼ਾ ਵਾਪਸ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵੱਖ ਵੱਖ ਸਰੋਤਾਂ ਤੋਂ ਆਮਦਨ ਵਧਾ ਕੇ ਸਰਕਾਰ ਵੱਲੋਂ ਇਹ ਕਰਜ਼ ਮੋੜਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਆਬਕਾਰੀ ਨੀਤੀ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ।
ਸੀਸੀਐਲ ਲਿਮਟ ਤੇ ਕੀ ਬੋਲੇ ਵਿੱਤ ਮੰਤਰੀ?: ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੀਸੀਐਲ ਲਿਮਟ 30584 ਕਰੋੜ ਸੀ। ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਿੱਚ ਇਸ ਨੂੰ ਕਰਜ਼ੇ ਵਿੱਚ ਤਬਦੀਲ ਕੀਤਾ ਗਿਆ ਤਾਂ 270 ਕਰੋੜ ਦੀ ਕਿਸ਼ਤ ਬਣੀ ਸੀ। ਉਨ੍ਹਾਂ ਕਿਹਾ ਕਿ ਇਹ 17 ਸਾਲਾਂ ਦੇ ਲੋਨ ਵਿੱਚ ਬਦਲਿਆ ਸੀ। ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਨੇ ਕੇਂਦਰ ਸਰਕਾਰ ਅਤੇ ਆਰਬੀਆਈ ਨਾਲ ਗੱਲਬਾਤ ਕੀਤੀ ਹੈ ਅਤੇ ਵਿਆਜ ਦਰ 8% ਦੀ ਤਿਮਾਹੀ ਤੋਂ ਘਟਾ ਕੇ 7.33% ਕਰ ਦਿੱਤੀ ਹੈ ਜਿਸ ਨਾਲ 3094 ਕਰੋੜ ਦਾ ਮੁਨਾਫਾ ਹੋਇਆ। ਉਨ੍ਹਾਂ ਕਿਹਾ ਕਿ ਜੋ ਇਹ ਕਰਜ਼ਾ 2034 'ਚ ਖਤਮ ਹੋਣਾ ਸੀ ਹੁਣ 2033 'ਚ ਖਤਮ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਿਰ ਪੌਣੇ ਤਿੰਨ ਲੱਖ ਦਾ ਕਰੋੜ ਦਾ ਕਰਜ਼ਾ ਹੈ ਅਤੇ ਇਸਦਾ ਵਿਆਜ ਵੀ ਲਗਭਗ ਇੰਨ੍ਹਾਂ ਹੀ ਹੈ।