ਚੰਡੀਗੜ੍ਹ: ਪੰਜਾਬ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਇੱਕ ਵਿਲੱਖਣ ਪਹਿਲ ਕੀਤੀ ਹੈ। ਵਿਭਾਗ ਨੇ ਸਰਕਾਰ ਦੀਆਂ ਨੌਜ਼ਵਾਨਾਂ ਲਈ ਲਾਭਕਾਰੀ ਸਕੀਮਾਂ ਦਾ ਇੱਕ ਕਿਤਾਬਚਾ ਤਿਆਰ ਕੀਤਾ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜਗਾਰ ਹਾਸਲ ਕਰਨ ਲਈ ਸੇਧ ਦਿੱਤੀ ਜਾ ਸਕੇ।ਅੱਜ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਰੁਜ਼ਗਾਰ ਉਤਪਤੀ ਤੇ ਟ੍ਰੇਨਿੰਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਹਰਪ੍ਰੀਤ ਸਿੰਘ ਸੂਦਨ ਅਤੇ ਸੰਯੁਕਤ ਡਾਇਰੈਕਟਰ ਗੁਰਮੀਤ ਕੌਰ ਦੀ ਹਾਜਰੀ ਵਿੱਚ ਇਹ ਕਿਤਾਬਚਾ ਜਾਰੀ ਕੀਤਾ।
ਰਾਹੁਲ ਤਿਵਾੜੀ ਨੇ ਵਿਭਾਗ ਦੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਿਤਾਬਚਾ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਨਵੇਂ ਸਾਲ ਦਾ ਕੀਮਤੀ ਤੋਹਫਾ ਹੈ। ਜੋ ਉਨ੍ਹਾਂ ਦੇ ਹੁਨਰ ਤੇ ਯੋਗਤਾਵਾਂ ਮੁਤਾਬਕ ਨੌਕਰੀ ਹਾਸਲ ਕਰਨ 'ਚ ਉਨਾਂ ਦੀ ਮਦਦ ਕਰੇਗਾ। ਉਨਾਂ ਕਿਹਾ ਕਿ ਇਸ ਵਿੱਚ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਰੁਜ਼ਗਾਰ ਸਬੰਧੀ ਯੋਜਨਾਵਾਂ ਜਿਵੇਂ ‘ਆਪਣੀ ਗੱਡੀ ਆਪਣਾ ਰੁਜ਼ਗਾਰ’, ‘ਮੇਰਾ ਕਾਮ ਮੇਰਾ ਮਨ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੁਜ਼ਗਾਰ ਮੇਲੇ ਵਰਗੀਆਂ ਗਤੀਵਿਧੀਆਂ ਅਤੇ ਬੇਰੋਜਗਾਰੀ ਭੱਤਾ, ਸਵੈ ਰੁਜਗਾਰ ਵਿੱਚ ਸਹੂਲਤਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ।