ਚੰਡੀਗੜ੍ਹ :8 ਮਾਰਚ ਨੂੰ ਜਿਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦਾ ਬਜਟ ਪੇਸ਼ ਕਰਨਗੇ ਉੱਥੇ ਹੀ ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨਗੇ ।
ਦੱਸਣਯੋਗ ਹੈ ਕਿ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਸੈਕਟਰ 17 ਵਿਖੇ ਭੁੱਖ ਹੜਤਾਲ ਕਰ ਰਹੇ ਹਨ । ਉਨ੍ਹਾਂ ਦੀ ਭੁੱਖ ਹੜਤਾਲ ਸ਼ੁੱਕਰਵਾਰ ਵੀ ਜਾਰੀ ਰਹੀ ਅਤੇ 8 ਮਾਰਚ ਨੂੰ ਮਹਿਲਾ ਦਿਵਸ ਤੇ ਮਹਿਲਾ ਮੁਲਾਜ਼ਮ ਵੱਡੀ ਗਿਣਤੀ ਵਿੱਚ ਭੁੱਖ ਹੜਤਾਲ 'ਤੇ ਬੈਠਣ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਫ਼ੈਸਲਾ ਕੀਤਾ ਹੈ ਕਿ ਬਜਟ ਜਿਸ ਦਿਨ ਪੇਸ਼ ਹੋਣਾ ਹੈ ਉਸੇ ਦਿਨ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਏਗਾ । ਇੱਥੇ ਦੱਸ ਦੇਈਏ ਕਿ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਿਹੜੀ ਫਰਵਰੀ ਦੇ ਆਖ਼ਰੀ ਹਫ਼ਤੇ ਦੇ ਵਿੱਚ ਪੇਸ਼ ਕੀਤੀ ਜਾਣੀ ਸੀ ਹੁਣ ਸਰਕਾਰ ਨੇ ਪੱਤਰ ਜਾਰੀ ਕਰਕੇ ਇਸ ਨੂੰ ਮਾਰਚ ਦੇ ਆਖ਼ਰੀ ਦਿਨ ਤਕ ਵਧਾ ਦਿੱਤਾ ਹੈ ਜਿਸ ਕਰਕੇ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਮੁਲਾਜ਼ਮਾਂ ਦੀਆਂ ਮੰਗਾਂ ਵਿਚ ਡੀਏ ਦੀ ਕਿਸ਼ਤ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ,ਪ੍ਰੋਬੇਸ਼ਨ ਪੀਰੀਅਡ ਆਦਿ ਸ਼ਾਮਿਲ ਹਨ। ਚੰਡੀਗਡ਼੍ਹ ਵਿਖੇ ਫਰੰਟ ਤੋਂ ਕਈ ਮੁਲਾਜ਼ਮ ਆਗੂਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ ।