ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਕਈ ਤਰ੍ਹਾਂ ਦੀਆਂ ਪ੍ਰਚਾਰਕ ਮੁਹਿੰਮਾਂ ਵਿੱਢੀਆਂ ਗਈਆਂ ਹਨ। ਇਸਦੇ ਚੱਲਦੇ ਹੀ ਪੰਜਾਬ ਕਾਂਗਰਸ ਵੱਲੋਂ ਅਧਿਕਾਰਿਤ ਤੌਰ ’ਤੇ ਇੱਕ ਗੀਤ ਜਾਰੀ ਕੀਤਾ ਗਿਆ ਹੈ।
ਇਸ ਗੀਤ ਰਾਹੀਂ ਕਾਂਗਰਸ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ।
ਇਸ ਗੀਤ ਦਾ ਨਾਮ ਪੰਜਾਬ ਦੀ ਚੜ੍ਹਦੀ ਕਲ੍ਹਾ,ਕਾਂਗਰਸ ਮੰਗਦੀ ਸਰਬੱਤ ਦਾ ਭਲਾ ਰੱਖਿਆ ਗਿਆ ਹੈ। ਪਾਰਟੀ ਵੱਲੋਂ ਇਹ ਗੀਤ ਪੰਜਾਬ ਕਾਂਗਰਸ ਪੇਜ ਉੱਪਰ ਜਾਰੀ ਕੀਤਾ ਗਿਆ ਹੈ।
ਇਸ ਗੀਤ ਦੇ ਜਾਰੀ ਹੋਣ ਤੋਂ ਪਹਿਲਾਂ ਪਾਰਟੀ ਵੱਲੋਂ ਇੱਕ ਵੀਡੀਓ ਟਵੀਟ ਕੀਤਾ ਗਿਆ ਸੀ। ਇਸ ਦੇ ਕੇਂਦਰ ਵਿੱਚ ਚੰਨੀ ਅਤੇ ਸਿੱਧੂ ਹਨ। ਵੀਡੀਓ 'ਚ ਦੋਵਾਂ ਆਗੂਆਂ ਦੀਆਂ ਸਾਂਝੀਆਂ ਤਸਵੀਰਾਂ ਸਨ ਪਾਰਟੀ ਦੇ ਟਵੀਟ ਵਿੱਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਸ਼ਾਮ 7 ਵਜੇ ਤੱਕ ਜੁੜੇ ਰਹੋ। ਇਸ ਟਵੀਟ ਤੋਂ ਬਾਅਦ ਸ਼ਾਮ 7 ਵਜੇ ਪਾਰਟੀ ਵੱਲੋਂ ਗੀਤ ਨੂੰ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਕਾਂਗਰਸ ਦੇ ਇਸ ਟਵੀਟ ਨੂੰ ਲੈਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਐਸਜੀਪੀਸੀ ਪ੍ਰਧਾਨ ਨੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਸ਼ਬਦਾਂ ਦਾ ਸਿਆਸੀ ਮੁਫਾਦਾਂ ਲਈ ਇਸਤੇਮਾਲ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸਨੂੰ ਲੈਕੇ ਸ਼੍ਰੋਮਣੀ ਕਮੇਟੀ ਨੇ ਇਸਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਵੱਲੋਂ ਕਾਂਗਰਸ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਖ ਧਰਮ ਨਾਲ ਸਬੰਧਿਤ ਸ਼ਬਦਾਂ ਨੂੰ ਸਿਆਸੀ ਮੁਫਾਦਾਂ ਲਈ ਨਾ ਵਰਤਿਆ ਜਾਵੇ।
ਇਹ ਵੀ ਪੜ੍ਹੋ:ਕਾਂਗਰਸ ਵਲੋਂ ਉੱਤਰਾਖੰਡ ਲਈ ਸਟਾਰ ਪ੍ਰਚਾਰਕ ਦੀ ਸੂਚੀ 'ਚ ਸੀਐਮ ਚੰਨੀ ਵੀ ਸ਼ਾਮਲ