ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਬੀਤੇ ਦਿਨ ਵੋਟਿੰਗ ਹੋਈ। ਇਹ ਵੋਟਿੰਗ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਈ। ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਵੋਟਿੰਗ ਦੌਰਾਨ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
10 ਮਾਰਚ ਨੂੰ 1304 ਉਮੀਦਵਾਰ ਦਾ ਫੈਸਲਾ
ਦੱਸ ਦਈਏ ਕਿ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁੱਲ 1304 ਉਮੀਦਵਾਰ ਨਿਤਰੇ ਹੋਏ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ’ਚ ਹੈ। ਵੋਟਰਾਂ ਦੀ ਗਿਣਤੀ ਦੇਖੀਏ ਤਾਂ ਕੁੱਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।
ਪੰਜਾਬ ਭਰ ’ਚ 69.65% ਹੋਈ ਵੋਟਿੰਗ
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆ ਮੁਤਾਬਿਕ ਪੰਜਾਬ ਭਰ ’ਚ 69.65 ਫੀਸਦ ਵੋਟਿੰਗ ਹੋਈ। 117 ਸੀਟਾਂ ਦੇ ਲਈ ਹੋਈ ਵੋਟਿੰਗ ਦੌਰਾਨ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਪਰ ਚੋਣ ਕਮਿਸ਼ਨ ਵੱਲੋਂ ਜਾਰੀ ਅਕੰੜਿਆ ਨੇ ਹਰ ਇੱਕ ਸਿਆਸੀ ਪਾਰਟੀ ਨੂੰ ਸਕੰਟ ਚ ਪਾ ਦਿੱਤਾ ਹੈ। ਪਿਛਲੀ 2017 ਦੀਆਂ ਵਿਧਾਨਸਭਾ ਚੋਣਾਂ ’ਚ 77 ਫੀਸਦ ਵੋਟਿੰਗ ਹੋਈ ਸੀ ਜਿਸ ਚ ਕਾਂਗਰਸ ਨੇ ਆਪਣੀ ਸਰਕਾਰ ਬਣਾਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਸਾਲ 2017 ’ਚ 77% ਹੋਈ ਸੀ ਵੋਟਿੰਗ
ਉੱਥੇ ਹੀ ਜੇਕਰ ਸਾਲ 2017 ਦੀਆਂ ਵਿਧਾਨਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ 2017 ’ਚ 77 ਫੀਸਦ ਵੋਟਿੰਗ ਹੋਈ ਸੀ ਜਿਸ ’ਚ 77 ਸੀਟਾਂ ਕਾਂਗਰਸ ਨੂੰ ਹਾਸਿਲ ਹੋਈਆਂ ਸੀ। ਪਰ ਇਸ ਵਾਰ ਸਿਰਫ 70 ਫੀਸਦ ਵੋਟਿੰਗ ਹੋਈ ਜਦਕਿ ਲੋਕਾਂ ਚ ਉਤਸ਼ਾਹ ਕਾਫੀ ਨਜਰ ਆ ਰਿਹਾ ਸੀ।
ਜ਼ਿਲ੍ਹਿਆਂ ਮੁਤਾਬਿਕ ਵੋਟਿੰਗ ਫੀਸਦ
ਜਿੱਥੇ ਪੰਜਾਬ ਭਰ ’ਚ 69.65% ਵੋਟਿੰਗ ਹੋਈ ਉੱਥੇ ਹੀ 78.47% ਵੋਟਿੰਗ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਪਹਿਲੇ ਸਥਾਨ ’ਤੇ ਰਿਹਾ ਜਦਕਿ ਅੰਮ੍ਰਿਤਸਰ ਜ਼ਿਲ੍ਹੇ ’ਚ 63.25% ਵੋਟਿੰਗ ਨਾਲ ਸਭ ਤੋਂ ਅਖਿਰ ’ਚ ਰਿਹਾ। ਇਸਦੇ ਨਾਲ ਹੀ ਬਰਨਾਲਾ ਜ਼ਿਲ੍ਹੇ ’ਚ 73.75%, ਬਠਿੰਡਾ ਜ਼ਿਲ੍ਹੇ ’ਚ 76.11%, ਫਰੀਦਕੋਟ ਜ਼ਿਲ੍ਹੇ ’ਚ 75.86%, ਫਿਰੋਜ਼ਪੁਰ ਜ਼ਿਲ੍ਹੇ 75.66%, ਗੁਰਦਾਸਪੁਰ ਜ਼ਿਲ੍ਹੇ ’ਚ 70.62%, ਹੁਸ਼ਿਆਰਪੁਰ ਜ਼ਿਲ੍ਹੇ ’ਚ 66.93%, ਜਲੰਧਰ ਜ਼ਿਲ੍ਹੇ ’ਚ 64.29%, ਕਪੂਰਥਲਾ ਜ਼ਿਲ੍ਹੇ ’ਚ 67.87%, ਲੁਧਿਆਣਾ ਜ਼ਿਲ੍ਹੇ ’ਚ 65.68%, ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ’ਚ 67.56%, ਫਾਜ਼ਿਲਕਾ ਜ਼ਿਲ੍ਹੇ ’ਚ 76.59%, ਮਾਨਸਾ ਜ਼ਿਲ੍ਹੇ ’ਚ 77.21%, ਮੋਗਾ ਜ਼ਿਲ੍ਹੇ ’ਚ 67.43%, ਪਠਾਨਕੋਟ ਜ਼ਿਲ੍ਹੇ ’ਚ 70.86%, ਪਟਿਆਲਾ ਜ਼ਿਲ੍ਹੇ 71%, ਰੋਪੜ ਜ਼ਿਲ੍ਹੇ ’ਚ 70.48%, ਸੰਗਰੂਰ ਜ਼ਿਲ੍ਹੇ 75.27%, ਨਵਾਂਸ਼ਹਿਰ ਜ਼ਿਲ੍ਹੇ ’ਚ 70.74% ਅਤੇ ਤਰਨਤਾਰਨ ਜ਼ਿਲ੍ਹੇ ’ਚ 66.83% ਵੋਟਿੰਗ ਹੋਈ।
ਦੋ ਸੀਟਾਂ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਜਿੱਤ ਦਰਜ
ਕਾਬਿਲੇਗੌਰ ਹੈ ਕਿ ਕਾਂਗਰਸ ਪਾਰਟੀ ਦੇ ਸੀਐੱਮ ਉਮੀਦਵਰ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਵਾਰ ਦੋ ਹਲਕਿਆਂ ਚ ਚੋਣ ਲੜੀ ਜਾ ਰਹੀ ਹੈ। ਆਮ ਤੌਰ ’ਤੇ ਸੀਐੱਮ ਉਮੀਦਵਾਰ ਹੀ ਦੋ ਹਲਕਿਆਂ ਤੋਂ ਚੋਣ ਲੜਦੇ ਰਹੇ ਹਨ। ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਦੇ ਸੀਐੱਮ ਉਮੀਦਵਾਰ ਹਨ ਉਹ ਹਲਕਾ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਦੋ ਹਲਕਿਆਂ ਤੋਂ ਚੋਣ ਲੜੀ ਗਈ ਸੀ ਪਰ ਉਹ ਦੋ ਵਾਰ ਇੱਕ ਇੱਕ ਹਲਕੇ ਤੋਂ ਹਾਰ ਗਏ ਸੀ। ਦੋ ਹਲਕਿਆਂ ਤੋਂ ਜਿੱਤ ਹਾਸਿਲ ਕਰਨ ਦਾ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੋਲ ਹੈ। ਦੱਸ ਦਈਏ ਕਿ ਸਾਲ 1997 ਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਅਤੇ ਕਿਲ੍ਹਾ ਰਾਏਪੁਰ ਤੋਂ ਚੋਣ ਲੜੀ ਗਈ ਸੀ।
ਆਓ ਹੁਣ ਇੱਕ ਝਾਂਤ ਪਿਛਲੇ ਸਾਲਾਂ ’ਤੇ ਮਾਰਦੇ ਹਾਂ ਕਿ ਪਹਿਲਾਂ ਕਿਹੜੇ ਸਾਲ ਕਿੰਨੀ ਵੋਟਿੰਗ ਹੋਈ ਅਤੇ ਕਿਹੜੇ ਸਾਲ ਚ ਕਿਸਦੀ ਸਰਕਾਰ ਬਣੀ।
ਸਾਲ | ਵੋਟਿੰਗ ਫੀਸਦ | ਸਰਕਾਰ ਬਣੀ |
1951 | 57.85 | ਕਾਂਗਰਸ |
1957 | 57.72 | ਕਾਂਗਰਸ |
1962 | 63.44 | ਕਾਂਗਰਸ |
1967 | 71.18 | ਕਾਂਗਰਸ |
1969 | 72.27 | ਸ਼੍ਰੋਮਣੀ ਅਕਾਲੀ ਦਲ |
1972 | 68.63 | ਕਾਂਗਰਸ |
1977 | 65.37 | ਸ਼੍ਰੋਮਣੀ ਅਕਾਲੀ ਦਲ |
1980 | 64.33 | ਕਾਂਗਰਸ |
1985 | 67.53 | ਸ਼੍ਰੋਮਣੀ ਅਕਾਲੀ ਦਲ |
1992 | 23.82 | ਕਾਂਗਰਸ |
1997 | 68.73 | ਸ਼੍ਰੋਮਣੀ ਅਕਾਲੀ ਦਲ-ਬੀਜੇਪੀ |
2002 | 65.14 | ਕਾਂਗਰਸ |
2007 | 75.49 | ਸ਼੍ਰੋਮਣੀ ਅਕਾਲੀ ਦਲ-ਬੀਜੇਪੀ |
2012 | 78.30 | ਸ਼੍ਰੋਮਣੀ ਅਕਾਲੀ ਦਲ-ਬੀਜੇਪੀ |
2017 | 77.40 | ਕਾਂਗਰਸ |
ਇਹ ਵੀ ਪੜੋ:ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਲੱਗੇ ਮੁਰਦਾਬਾਦ ਦੇ ਨਾਅਰੇ