ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਵੀਰਵਾਰ ਨੂੰ ਦੱਸਿਆ ਕਿ ਐਨਕੋਰ ਸਾਫਟਵੇਅਰ 'ਤੇ ਉਪਲਬਧ ਅੰਕੜਿਆਂ ਅਨੁਸਾਰ ਦੂਜੇ ਦਿਨ ਸੂਬੇ ਵਿੱਚ ਸਿਰਫ਼ 91 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ। ਪਹਿਲੇ ਦਿਨ 12 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ, ਹੁਣ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 103 ਹੋ ਗਈ ਹੈ।
ਡਾ: ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ 'ਨੋਅ ਯੂਅਰ ਕੈਂਡੀਡੇਟ' ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।