ਚੰਡੀਗੜ੍ਹ: ਪੰਜਾਬ 'ਚ ਹੜ੍ਹ ਦੀ ਮਾਰ ਹੇਠ ਆਏ ਜ਼ਿਲ੍ਹਿਆਂ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਸਹਿਕਾਰਤਾ ਵਿਭਾਗ, ਵਿਸ਼ੇਸ਼ ਤੌਰ ’ਤੇ ਇਸਦੀ ਮੋਹਰੀ ਸੰਸਥਾ ਮਾਰਕਫੈੱਡ ਨੇ ਕਈ ਪਹਿਲਕਦਮੀਆਂ ਕੀਤੀਆਂ ਹਨ। ਵਿਭਾਗ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਬਣਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਰਕਫੈੱਡ ਦੇ ਵੱਖ-ਵੱਖ ਜ਼ਿਲ੍ਹਾ ਦਫ਼ਤਰ ਹੜ੍ਹ ਪ੍ਹਭਾਵਿਤ ਲੋਕਾਂ ਅਤੇ ਖੇਤਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਮੋਹਰੀ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਜਲੰਧਰ ਸਥਿਤ ਜ਼ਿਲ੍ਹਾ ਦਫ਼ਤਰ ਨੇ ਜ਼ਰੂਰਤਮੰਦ ਲੋਕਾਂ ਨੂੰ ਵੰਡਣ ਲਈ 300 ਐਲ.ਡੀ.ਪੀ.ਈ. ਸ਼ੀਟਾ, 2000 ਪੀ.ਪੀ. ਬੈਗ, ਪਸ਼ੂ ਚਾਰੇ 300 ਗੱਟੇ, 15 ਕਿਲੋ ਰਿਫਾਇੰਡ ਤੇਲ (15 ਪੀਪੇ), 50 ਪੈਕਟ ਗਰਮ ਮਸਾਲਾ, ਹਲਦੀ ਅਤੇ ਲਾਲ ਮਿਰਚ ਆਦਿ ਸਮਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਮਰਜੈਂਸੀ ਲਈ ਮਾਰਕਫੈੱਡ ਨੂੰ 100 ਹੋਰ ਸ਼ੀਟਾਂ ਅਤੇ ਪਸ਼ੂ ਚਾਰੇ ਦੇ 200 ਗੱਟਿਆਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।