ਚੰਡੀਗੜ੍ਹ:ਪੰਜਾਬ ਦੀ ਸਿਆਸਤ ਵਿੱਚ ਹਲਚਲ ਲਗਾਤਾਰ ਜਾਰੀ ਹੈ। ਪਹਿਲਾਂ ਆਪ ਨੇਤਾ ਅਤੇ ਕੈਬਿਨੇਟ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਉੱਤੇ ਆਪ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਕਰਨ ਦੇ ਦੋਸ਼ ਲਾਏ। ਇਸ ਨੂੰ ਲੈ ਕੇ ਅੱਜ ਮੁੜ ਹਰਪਾਲ ਚੀਮਾ ਨੇ ਉਹ ਆਪ ਵਿਧਾਇਕ ਜਨਤਕ ਕੀਤੇ ਜਿਨ੍ਹਾਂ ਨੂੰ ਕਥਿਤ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਵਿਰੋਧੀ ਧਿਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪ ਸਰਕਾਰ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਗੱਲ ਨੂੰ ਕਹਾਣੀ ਦਾ ਰੂਪ ਦਿੰਦੀ ਹੈ। Lotus operation in punjab
AAP ਵੱਲੋਂ ਫਿਲਮ ਬਣਾ ਕੇ ਪੇਸ਼ ਕੀਤੀ ਜਾ ਰਹੀ: ਰਾਜਾ ਵੜਿੰਗ ਨੇ ਕਿਹਾ ਕਿ ਆਪ ਹਰ ਗੱਲ ਨੂੰ ਇਕ ਫਿਲਮ ਬਣਾ ਕੇ ਪੇਸ਼ ਕਰਦੀ ਹੈ। ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਪਤਾ ਨਹੀਂ ਪੰਜਾਬ ਵਿੱਚ ਕੀ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਪ ਨੇ ਵਿਜੈ ਸਿੰਗਲਾ ਦਾ ਡਰਾਮਾ ਕੀਤਾ। ਪਹਿਲਾਂ ਸਿੰਗਲਾ ਨੇ ਕਿਹਾ ਕਿ ਮੇਰੇ ਖਿਲਾਫ ਸਾਜਿਸ਼ ਹੋ ਰਹੀ ਹੈ। ਜ਼ਮਾਨਤ 'ਤੇ ਆਉਣ ਤੋਂ ਬਾਅਦ ਕਿਹਾ ਬਾਹਰੀ ਤਾਕਤਾਂ ਮੇਰੇ ਖਿਲਾਫ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਆਪ (Aam Aadmi Party) ਇਮਾਨਦਾਰੀ ਦਾ ਢਿੰਡੋਰਾ ਪਿਟਦੀ ਹੈ। ਸਿੰਗਲਾ ਦੀ ਗ੍ਰਿਫ਼ਤਾਰੀ ਵੇਲੇ ਅਸੀਂ ਤਾਰੀਫ਼ ਵੀ ਕੀਤੀ ਸੀ, ਪਰ ਜਦੋਂ ਅਦਾਲਤ ਨੇ ਵਕੀਲ ਤੋਂ ਸਬੂਤ ਮੰਗੇ ਤਾਂ ਉਹ ਨਹੀਂ ਦੇ ਸਕੇ।
ਹੁਣ ਉਹ ਹੋ ਰਿਹਾ, ਜੋ ਕਦੇ ਪਹਿਲਾਂ ਪੰਜਾਬ 'ਚ ਨਹੀਂ ਹੋਇਆ: ਉਨ੍ਹਾਂ ਕਿਹਾ ਕਿ ਆਪ ਵਾਲੇ ਗਾਂਧੀ ਦੀ ਫੋਟੋ ਨਹੀਂ ਲਗਾਉਂਦੇ, ਪਰ ਸਮਾਧੀ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਭਾਜਪਾ ਦਿੱਲੀ 'ਚ 'ਆਪ' ਵਿਧਾਇਕਾਂ ਨੂੰ ਖ਼ਰੀਦ ਰਹੀ ਹੈ, ਇਲਜ਼ਾਮ ਹੈ, ਪਰ ਕੋਈ ਸਬੂਤ ਨਹੀਂ। ਪੰਜਾਬ ਵਿੱਚ ਵੀ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ। ਮੈਂ ਭਾਜਪਾ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਪਰ ਮੇਰਾ ਸਵਾਲ ਹੈ ਕਿ ਅੱਜ ਪੰਜਾਬ ਦੀ ਜੋ ਹਾਲਤ ਹੈ, ਅਤੇ ਸਰਕਾਰ ਦੀਆਂ ਸਾਰੀਆਂ ਨੀਤੀਆਂ 'ਤੇ ਰੋਕ ਲਾਈ ਜਾ ਰਹੀ ਹੈ। ਗਵਰਨਰ ਪਹਿਲੀ ਵਾਰ ਬਾਰਡਰ 'ਤੇ ਘੁੰਮ ਰਿਹਾ ਹੈ, ਅਜਿਹਾ ਪੰਜਾਬ 'ਚ ਕਦੇ ਨਹੀਂ ਹੋਇਆ। ਹੁਣ ਚੀਮਾ ਸਾਹਿਬ ਨੂੰ ਅੱਗੇ ਲੈ ਕੇ 25 ਕਰੋੜ ਵਿੱਚ ਵਿਧਾਇਕ ਖਰੀਦਣ ਦੀ ਗੱਲ ਕਰ ਰਹੇ ਹਾਂ। 1375 ਕਰੋੜ ਦੀ ਗੱਲ ਕਰੀਏ ਤਾਂ ਜੇਕਰ 59 ਵਿਧਾਇਕ ਖਰੀਦਣੇ ਹਨ, ਤਾਂ 1400 ਕਰੋੜ ਹੋਣ ਚਾਹੀਦੇ ਹਨ।
ਰਾਜਾ ਵੜਿੰਗ ਨੇ ਆਪ ਉੱਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਇਹ ਸਕ੍ਰਿਪਟ ਲਿਖੀ ਗਈ ਹੈ, ਜੋ ਹਰਪਾਲ ਚੀਮਾ ਨੇ ਪੜ੍ਹੀ। ਕਦੇ 8 ਤੇ ਕਦੇ 10, ਅਤੇ ਕਦੇ 35 ਐੱਮਐਲਏ ਦੀ ਗੱਲ ਕਰ ਰਹੇ ਹਨ। ਤੁਹਾਡੇ ਅੰਦਰ ਹੀ ਬਗਾਵਤ ਚੱਲ ਰਹੀ ਹੈ। ਉਹ ਦਿੱਲੀ ਵਿੱਚ ਪੁਲਿਸ ਨਾ ਹੋਣ ਦੀ ਗੱਲ ਕਰਦੇ ਹਨ, ਪਰ ਪੰਜਾਬ ਵਿੱਚ ਪੁਲਿਸ ਹੈ। ਪਰ, ਇੱਥੇ ਵਿਧਾਇਕ ਨੂੰ ਰਿਸ਼ਵਤ ਦੇਣ ਦੀ ਗੱਲ ਚੱਲ ਰਹੀ ਹੈ। ਫਿਰ ਤੁਸੀਂ ਮਾਮਲਾ ਦਰਜ ਕਿਉਂ ਨਹੀਂ ਕਰਾਇਆ? ਉਹ ਡੀਜੀਪੀ ਕੋਲ ਕਿਉਂ ਗਏ, ਮੰਤਰੀ ਨੇ ਉਸ ਨੂੰ ਆਪਣੇ ਕੋਲ ਬੁਲਾ ਲੈਂਦੇ।