ਚੰਡੀਗੜ੍ਹ: ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਸੂਬੇ ਦੀ ਇਸ ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਟੈਸਟਿੰਗ ਦੀ ਰੋਜ਼ਾਨਾ ਸਮਰੱਥਾ 30,000 ਕਰਨ ਅਤੇ ਹਰ ਕੋਵਿਡ ਮਰੀਜ਼ ਦੇ ਨਜ਼ਦੀਕੀ ਘੇਰੇ ਦੇ ਘੱਟੋ-ਘੱਟ 10 ਵਿਅਕਤੀਆਂ ਦੇ ਟੈਸਟ ਕਰਨ ਲਈ ਹੁਕਮ ਦਿੱਤੇ ਗਏ ਹਨ।
ਉੱਚ ਪੱਧਰੀ ਸਿਹਤ ਤੇ ਮੈਡੀਕਲ ਮਾਹਿਰਾਂ ਅਤੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰਿੰਸਗ ਜ਼ਰੀਏ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਮੈਡੀਕਲ ਕਾਲਜਾਂ ਅਤੇ ਨਿੱਜੀ ਹਸਪਤਾਲਾਂ ਲਈ ਵੈਂਟੀਲੇਟਰ ਮੁਫਤ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਅੱਗੇ ਵਿਭਾਗ ਨੂੰ ਇਨ੍ਹਾਂ ਹਸਪਤਾਲਾਂ ਲਈ ਮਨੁੱਖੀ ਸਮਰੱਥਾ ਜਿਵੇਂ ਐਨਸਥੀਸੀਆ ਮਾਹਿਰ ਆਦਿ ਮੁਹੱਈਆ ਕਰਵਾਉਣ ਲਈ ਆਖਿਆ ਹੈ ਜਿਨ੍ਹਾਂ ਵਿੱਚ ਸਰਕਾਰ ਵੱਲੋਂ ਕੋਵਿਡ ਇਲਾਜ ਦੇ ਰੇਟ ਤੈਅ ਕੀਤੇ ਜਾਣ ਕਾਰਨ ਇਲਾਜ ਲਈ ਮਰੀਜ਼ਾਂ ਦੀ ਆਮਦ ਵਧੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ 9 ਹੋਰ ਆਰ.ਟੀ-ਪੀ.ਸੀ.ਆਰ ਮਸ਼ੀਨਾਂ ਦੀ ਖਰੀਦ ਲਈ ਟੈਂਡਰ ਕੱਢੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੇ ਅਗਲੇ ਹਫਤੇ ਤੱਕ ਪ੍ਰਾਪਤ ਹੋਣ ਦੀ ਉਮੀਦ ਹੈ। ਉਨ੍ਹਾਂ ਰੈਪਿਡ ਐਂਟੀਜਨ ਟੈਸਟਿੰਗ ਵਧਾਉਣ ਅਤੇ ਤੀਜੇ ਦਰਜੇ ਦੀ ਬੈੱਡ ਸਮਰੱਥਾ ਵਧਾਏ ਜਾਣ 'ਤੇ ਵੀ ਜ਼ੋਰ ਦਿੱਤਾ।
ਮੁੱਖ ਸਕੱਤਰ ਨੇ ਕਿਹਾ ਕਿ ਇੱਕ ਨਿੱਜੀ ਹਸਪਤਾਲ ਵੱਲੋਂ ਇਸਦੇ ਐਨਸਥੀਸੀਆ ਮਾਹਿਰ ਦੇ ਪੌਜ਼ੀਟਿਵ ਆਉਣ ਕਾਰਨ ਮਰੀਜ਼ਾਂ ਨੂੰ ਲੈਣਾ ਬੰਦ ਕਰ ਦਿੱਤਾ ਗਿਆ ਜਦੋਂ ਕਿ ਜ਼ਿਆਦਾਤਰ ਐਨਸਥੀਸੀਆ ਮਾਹਿਰ 55-60 ਸਾਲਾ ਦੇ ਸੰਵੇਦਨਸ਼ੀਲ ਉਮਰ ਵਰਗ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਆਈਐਮਏ ਵੱਲੋਂ ਇਸ ਮਸਲੇ ਨੂੰ ਵਿਚਾਰਨ ਲਈ ਸੂਬੇ ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਇਲਾਜ ਤੇ ਦੇਖਭਾਲ ਨੂੰ ਬਹਾਲ ਰੱਖਣ ਲਈ ਘੱਟ ਉਮਰ ਦੇ ਐਨਸਥੀਸੀਆ ਮਾਹਿਰਾਂ ਨੂੰ ਲਗਾਏ ਦੀ ਜ਼ਰੂਰਤ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿੰਦਿਆਂ ਸਹਿਮਤੀ ਪ੍ਰਗਟਾਈ ਗਈ, ''ਤੈਅ ਫੀਸ ਤੇ ਹੋਰ ਬੰਦਿਸ਼ਾਂ ਲਾਗੂ ਕਰਨ ਪ੍ਰਤੀ ਸਖਤ ਰਹਿੰਦਿਆਂ ਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਵੀਕਾਰਦਿਆਂ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ।"