ਚੰਡੀਗੜ੍ਹ: ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ 'ਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ’ਤੇ ਆਮ ਆਦਮੀ ਪਾਰਟੀ ਵੱਲੋਂ ਨਾਰਾਜ਼ਗੀ ਜਾਹਿਰ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਿਸੋਦੀਆ 'ਤੇ ਸੀਬੀਆਈ ਵੱਲੋਂ ਕੀਤੀ ਗਈ ਛਾਪੇਮਾਰੀ ਤੇ ਕਾਫੀ ਭੜਕੇ ਹੋਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ ਹੈ।
ਛਾਪੇਮਾਰੀ ਤੋਂ ਭੜਕੇ ਸੀਐੱਮ ਮਾਨ:ਸੀਬੀਆਈ ਛਾਪੇਮਾਰੀ ਤੋਂ ਨਾਰਾਜ਼ ਸੀਐੱਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਐਨਵਾਈਟੀ ਨੇ ਪਹਿਲੇ ਪੰਨੇ 'ਤੇ ਉਨ੍ਹਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉਨ੍ਹਾਂ ਦੇ ਘਰ ਸੀਬੀਆਈ ਭੇਜ ਦਿੱਤੀ। ਇਸ ਤਰ੍ਹਾਂ ਭਾਰਤ ਕਿਵੇਂ ਅੱਗੇ ਵਧੇਗਾ ?
ਕਾਂਗਰਸ ਪਾਰਟੀ ਦਾ ਬਿਆਨ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਰਾਜਨੀਤਿਕ ਪਾਰਟੀਆਂ ਵੱਲੋਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਦੇ ਗੈਰ ਇਸਤੇਮਾਲ ਨੂੰ ਗਲਤ ਠਹਿਰਾਉਂਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸਲ ’ਚ ਹੀ ਦਿੱਲੀ ਦੀ ਐਕਸਾਈਜ਼ ਪਾਲਿਸੀ ਵਿਚ ਕੁਝ ਗ਼ਲਤ ਹੋਇਆ ਹੈ ਤਾਂ ਉਸ ਦੀ ਜਾਂਚ ਹੋਣੀ ਜਾਇਜ਼ ਹੈ।
"ਸਭ ਤੋਂ ਵੱਧ ਇਸ਼ਤਿਹਾਰ ਲਗਵਾ ਚੁੱਕੀ ਹੈ 'ਆਪ'": ਦੂਜੇ ਪਾਸੇ ਦਿੱਲੀ ਦੇ ਸਿੱਖਿਆ ਬੋਰਡ ਨੂੰ ਲੈ ਕੇ ਵਿਦੇਸ਼ੀ ਅਖ਼ਬਾਰਾਂ ਵਿੱਚ ਇਸ ਦੀ ਚਰਚਾ ਬਾਰੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਘੱਟ ਕਰਦੀ ਹੈ, ਉਸ ਉੱਤੇ ਰੌਲਾ ਜ਼ਿਆਦਾ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਜਿੰਨੇ ਇਸ਼ਤਿਹਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾ ਚੁੱਕੀ ਹੈ ਉਹਨੇ ਸ਼ਾਇਦ ਬਾਕੀ ਰਾਜਨੀਤੀਕ ਪਾਰਟੀਆਂ ਦੀਆਂ ਸਰਕਾਰਾਂ ਚਾਰ ਪੰਜ ਸਾਲ ਵਿੱਚ ਵੀ ਨਹੀਂ ਲਗਾਉਂਦੀਆਂ।