ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਦੁਆਰਾ ਤਿਆਰ ਇੱਕ ਪੌਸ਼ਟਿਕ ਡਰਿੰਕ ‘ਵੇਰਕਾ ਹਲਦੀ ਦੁੱਧ’ ਲਾਂਚ ਕੀਤਾ ਗਿਆ।
ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਵਧਾਉਣ ਦੇ ਪੱਖ ਤੋਂ ਹਲਦੀ ਦੇ ਔਸ਼ਧੀ ਗੁਣਾਂ ਨਾਲ ਭਰਪੂਰ ਇਸ ਉਤਪਾਦ ਨੂੰ ਲਾਂਚ ਕਰਨ ਦਾ ਇਹ ਢੁੱਕਵਾਂ ਸਮਾਂ ਦੱਸਦਿਆਂ ਮੁੱਖ ਮੰਤਰੀ ਨੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਜਲਦੀ ਹੀ ਖਪਤਕਾਰਾਂ 'ਚ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪੇਅਜਲ ਵਜੋਂ ਉਭਰੇਗਾ ਜੋ ਹੁਣ ਕੋਰੋਨਾਵਾਇਰਸ ਖ਼ਿਲਾਫ਼ ਜੰਗ ਵਿੱਚ ਤੰਦਰੁਸਤ ਰਹਿਣ ਅਤੇ ਆਪਣੀ ਇਮਿਊਨਿਟੀ ਵਧਾਉਣ ਲਈ ਬਦਲਵੇਂ ਤਰੀਕੇ ਲੱਭ ਰਹੇ ਹਨ।
ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੇਰਕਾ ਹਲਦੀ ਦੁੱਧ ਇੱਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬਾਇਓਤਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਵਿਕਸਤ ਅਤੇ ਪੇਟੈਂਟ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜ਼ਮ ਕਰਨ ਦੀ ਸ਼ਕਤੀ ਨੂੰ 10 ਗੁਣਾ ਜ਼ਿਆਦਾ ਕਰਦਾ ਹੈ। ਰੰਧਾਵਾ ਨੇ ਕਿਹਾ ਕਿ ਦੁੱਧ ਵਿੱਚ ਪੂਰੀ ਤਰ੍ਹਾਂ ਘੁਲਣਸ਼ੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇੱਕ ਸੁਚਾਰੂ ਬਣਤਰ ਦਿੱਤੀ ਹੈ।
ਵੇਰਕਾ ਹਲਦੀ ਦੁੱਧ ਮਿਸ਼ਨ ਫਤਿਹ ਦੇ ਹਿੱਸੇ ਵਜੋਂ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਰੰਧਾਵਾ ਨੇ ਕਿਹਾ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ `ਤੇ ਉਪਲੱਬਧ ਹੋਵੇਗਾ।