ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ 6 ਆਈਏਐਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ ਜੋ 30 ਅਪ੍ਰੈਲ ਤੱਕ ਆਪਣੀ ਰਿਪੋਰਟ ਸੌਂਪਣਗੇ।
ਇਹ ਅਧਿਕਾਰੀ ਹਾੜੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਚੱਲ ਰਹੇ ਖ਼ਰੀਦ ਕਾਰਜਾਂ ਦਾ ਜ਼ਮੀਨ ਪੱਧਰ ’ਤੇ ਜਾ ਕੇ ਪਤਾ ਲਾਉਣ ਲਈ 28 ਤੋਂ 29 ਅਪ੍ਰੈਲ ਤੱਕ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ।
ਇਨ੍ਹਾਂ ਅਧਿਕਾਰੀਆਂ ਨੂੰ ਮੁੱਢਲੇ ਤੌਰ 'ਤੇ ਕਰਫਿਊ ਪਾਸ ਜਾਰੀ ਕਰਨ ਦੀ ਪ੍ਰਣਾਲੀ ਦੇ ਅਮਲੀਕਰਨ, ਸਬੰਧਤ ਮੰਡੀਆਂ ਵਿੱਚ ਪਿੰਡ ਵਾਰ ਪਹੁੰਚ ਰਹੀ ਕਣਕ ਤੋਂ ਇਲਾਵਾ ਕਣਕ ਦੀ ਗੁਣਵੱਤਾ ਅਤੇ ਕੋਵਿਡ-19 ਪ੍ਰੋਟੋਕੌਲ ਦੀ ਪਾਲਣਾ ਸ਼ਾਮਲ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਕਣਕ ਦੀ ਖ਼ਰੀਦ ਤੇ ਚੁਕਾਈ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਨੂੰ ਯਕੀਨੀ ਬਣਾਉਣ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ।