ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਕੋਰੋਨਾ ਦੀ ਲਾਗ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ ਲਗਭਗ 23 ਲੱਖ ਦੇ ਨੇੜੇ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਮਾਰੀ ਨਾਲ ਪ੍ਰਭਾਵਿਤ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਚੰਗਾ ਵਿੱਤੀ ਪੈਕੇਜ ਦਿੱਤਾ ਜਾਵੇ ਕਿਉਂਕਿ ਪੰਜਾਬ ਦਾ ਵਿੱਤੀ ਨੁਕਸਾਨ 50 ਫ਼ੀਸਦੀ ਤੋਂ ਵੱਧ ਹੈ।
ਸੀਐੱਮ ਨੇ ਮੰਗ ਕੀਤੀ ਕਿ ਰਾਜ ਡਿਜ਼ਾਸਟਰ ਫੰਡ ਵਿੱਚ 35 ਫੀਸਦੀ ਹੀ ਕੋਰੋਨਾ ਲਈ ਵਰਤ ਸਕਦੇ ਹਨ, ਇਸ ਸ਼ਰਤ ਨੂੰ ਹਟਾਇਆ ਜਾਵੇ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਯੂਜੀਸੀ ਦੀ ਪ੍ਰੀਖਿਆ ਲਈ ਦਿੱਤੀ ਗਈ 30 ਸਤੰਬਰ ਦੀ ਤਰੀਕ ਹਟਾਉਣ ਦੀ ਮੰਗ ਵੀ ਕੀਤੀ ਹੈ ਅਤੇ ਬੱਚਿਆਂ ਨੂੰ ਇੰਟਰਨੈਲ ਅਸੈਸਮੈਂਟ ਤੇ ਪੁਰਾਣੇ ਮਾਰਕਸ ਦੇ ਪੱਧਰ 'ਤੇ ਪਾਸ ਕਰਵਾਉਣ ਦੀ ਮੰਗ ਕੀਤੀ ਹੈ, ਉੱਥੇ ਹੀ ਜਿਹੜੇ ਬੱਚੇ ਆਪਣੇ ਨੰਬਰ ਹੋਰ ਵੱਧ ਲਗਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਵਿਕਲਪ ਬਣਾਉਣ ਦੀ ਮੰਗ ਕੀਤੀ ਹੈ।
ਕੋਰੋਨਾ ਦੇ ਕਾਰਨ, ਆਨਲਾਈਨ ਸਿੱਖਿਆ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਕੇਂਦਰ ਸਰਕਾਰ ਰਾਜ ਸਰਕਾਰ ਦੀ ਵਿੱਤੀ ਮਦਦ ਕਰੇ ਤਾਂ ਕਿ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ।
ਭਾਰਤ ਸਰਕਾਰ ਦੇ ਜੋ ਟੈਸਟਿੰਗ ਲੈਬ ਪੰਜਾਬ ਵਿੱਚ ਹਨ ਉੁਨ੍ਹਾਂ ਦੀ ਟੈਸਟਿੰਗ ਦੀ ਕੈਪੇਸਿਟੀ ਵਧਾਈ ਜਾਵੇ।