ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਸਾਬਕਾਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਸ਼ੁੱਕਰਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। 78 ਸਾਲਾਂ ਜਥੇਦਾਰ ਮੱਕੜ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਿਰੀ ਸਾਹ ਲਏ।
ਜਥੇਦਾਰ ਮੱਕੜ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਕੈਪਟਨ ਨੇ ਕਿਹਾ, "ਅਵਤਾਰ ਸਿੰਘ ਮੱਕੜ ਜੀ ਦੀ ਮੌਤ ਤੋਂ ਦੁਖੀ ਹਨ, ਮੇਰੀਆਂ ਪ੍ਰਾਰਥਨਾਵਾਂ ਸਾਬਕਾ ਪ੍ਰਧਾਨ ਮੱਕੜ ਦੇ ਪਰਿਵਾਰ ਨਾਲ ਹਨ।"
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ।
ਜਥੇਦਾਰ ਅਵਤਾਰ ਸਿੰਘ ਮੱਕੜ ਦੀ ਮੌਤ ਦੀ ਖ਼ਬਰ ਨਾਲ ਸ਼੍ਰੋਮਣੀ ਅਕਾਲੀ ਦਲ 'ਚ ਦੁੱਖ ਦਾ ਮਾਹੌਲ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, "ਜਥੇਦਾਰ ਅਵਤਾਰ ਸਿੰਘ ਮੱਕੜ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇੱਕ ਯੋਗ ਪ੍ਰਬੰਧਕ ਵਜੋਂ ਜਥੇਦਾਰ ਸਾਹਿਬ ਹਮੇਸ਼ਾ ਯਾਦ ਕੀਤੇ ਜਾਣਗੇ। ਅਕਾਲ ਪੁਰਖ ਵਿਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖਸ਼ਣ।"
ਦੱਸਣਯੋਗ ਹੈ ਕਿ ਜਥੇਦਾਰ ਮੱਕੜ 11 ਸਾਲ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾ ਦਾ ਅੰਤਿਮ ਸਸਕਾਰ 22 ਦਸੰਬਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਘਾਟ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ।