ਚੰਡੀਗੜ੍ਹ:ਸੱਤਾ ਵਿੱਚ ਆਉਂਦੇ ਹੀ ਸਾਰੇ ਮਾਮਲਿਆਂ ਨੂੰ ਇੱਕ-ਇੱਕ ਕਰਕੇ ਹੱਲ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਵਾਲੀ ਸਰਕਾਰ ਨੇ ਹੁਣ ਲੋਕਾਂ ਤੋਂ ਮਸਲੇ ਹੱਲ ਕਰਨ ਲਈ ਸਮਾਂ ਮੰਗਿਆ ਹੈ ਇਕ ਟਵੀਟ ਨੁਮਾ ਇਸ਼ਤਿਆਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਹੈ।
ਸੀਐੱਮ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬੀਓ ਕੁਝ ਤਾਂ ਸਮਾਂ ਦਿਓ। ਥੋੜ੍ਹਾ ਸਬਰ ਕਰੋ, ਉਨ੍ਹਾਂ ਨੂੰ ਹਰ ਗੱਲ ਹਰ ਵਾਅਦਾ ਜ਼ੁਬਾਨੀ ਹੀ ਯਾਦ ਹੈ। ਉਨ੍ਹਾਂ ਦੇ ਟਵੀਟ ਅਨੁਸਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੁਝ ਸਮਾਂ ਤਾਂ ਲੱਗੇਗਾ ਹੀ, ਸਭ ਦੇ ਮਸਲੇ ਹੱਲ ਹੋਣਗੇ ਅਤੇ ਕੋਈ ਵੀ ਵਿਅਕਤੀ ਅਜਿਹਾ ਨਹੀਂ ਰਹੇਗਾ ਜਿਸ ਦੀ ਸੁਣੀ ਨਾ ਜਾਵੇ।
ਵਾਅਦਿਆਂ ਨੂੰ ਪੂਰਾ ਕਰਨ ਲਈ ਹੁਣ ਭਗਵੰਤ ਮਾਨ ਸਰਕਾਰ ਨੇ ਲੋਕਾਂ ਤੋਂ ਮੰਗਿਆ ਸਮਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਟਵੀਟ ਦੇ ਨਾਲ ਹੀ ਸੂਬੇ ਦੀਆਂ ਸੱਥਾਂ ਵਿੱਚ ਚਰਚਾ ਚੱਲ ਪਈ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਇਸ ਸੰਬੰਧੀ ਪੋਸਟਾਂ ਪਾਈਆਂ ਜਾ ਰਹੀਆਂ ਹਨ। ਬਿਲਕੁਲ ਇਹੀ ਗੱਲ ਫੇਸਬੁੱਕ ਰਾਹੀਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਪਾਈ ਹੈ। ਫੇਸਬੁੱਕ ’ਤੇ ਹੀ ਇਸ ਸੰਬੰਧੀ ਲੋਕਾਂ ਦੀ ਪ੍ਰਤੀਕਿਰਿਆ ਵੀ ਆਉਣੀ ਸ਼ੁਰੂ ਹੋ ਗਈ ਹੈ।
ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਮਾਂ ਤਾਂ ਲੋਕ ਦੇਣ ਨੂੰ ਤਿਆਰ ਹਨ, ਪਰ ਪੰਜਾਬ ਸਰਕਾਰ ਧਿਆਨ ਰੱਖੇ ਕਿਤੇ ਕੋਈ ਵੱਡੀ ਗਲਤੀ ਨਾ ਕਰੇ ਅਤੇ ਆਪਣੇ ਵਿਧਾਇਕਾਂ ਦੀ ਟੀਮ ਨੂੰ ਕਾਬੂ ਵਿੱਚ ਰੱਖੇ। ਲੋਕਾਂ ਵੱਲੋਂ ਦਿੱਤੇ ਪ੍ਰਤੀਕਰਮ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੋਈ ਅਜਿਹੇ ਬਿਆਨ ਨਾ ਦੇਣ ਜਿਸ ਨਾਲ ਉਨ੍ਹਾਂ ਦਾ ਮਜ਼ਾਕ ਉੱਡਦਾ ਹੋਵੇ, ਖਾਸ ਕਰਕੇ ਪੰਜਾਬ ਵਿੱਚ ਅੰਗਰੇਜ਼ਾਂ ਨੂੰ ਨੌਕਰੀ ਦੇਣ ਦੀ ਗੱਲ ਸ਼ਾਮਲ ਹੈ।
ਫੇਸਬੁੱਕ ਰਾਹੀਂ ਦਿੱਤੀ ਪ੍ਰਤੀਕਿਰਿਆ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਮੀ ਵਕੀਲ ਨਵਕਿਰਨ ਸਿੰਘ ਵੱਲੋਂ ਵੀ ਇਸ ਸਬੰਧੀ ਟਿੱਪਣੀ ਕੀਤੀ ਹੈ ਕਿ ਪੰਜਾਬ ਦੇ ਲੋਕ ਇੰਤਜ਼ਾਰ ਕਰ ਸਕਦੇ ਹਨ। ਪਰ ਨਾਲ ਇਹ ਵੀ ਸ਼ਰਤ ਹੈ ਕਿ ਸਰਕਾਰ ਨੂੰ ਆਪਣੀ ਹਰ ਗੱਲ ਪਾਰਦਰਸ਼ੀ ਰੱਖਣੀ ਪਵੇਗੀ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਲੋਕ ਹੁਣ ਧੋਖਾ ਨਹੀਂ ਚਾਹੁੰਦੇ। ਬਸ ਜੋ ਵੀ ਹੋਵੇ , ਇਮਾਨਦਾਰੀ ਨਾਲ ਹੀ ਹੋਵੇ। ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਹਨ ਉਹ ਇਕਦਮ ਤਾਂ ਨਾ ਸਹੀ ਪਰ ਹੌਲੀ-ਹੌਲੀ ਕਰਕੇ ਉਨ੍ਹਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਇਸ ਬਾਰੇ ਪੰਜਾਬ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਜੀਐਸ ਬਾਲੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਾਰਟੀ ਤਾਂ ਪਹਿਲਾ ਹੀ ਇਸ ਹੱਕ ਵਿਚ ਸੀ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਨਾ ਕਰੇ ਸਗੋਂ ਸਹੀ ਸਮੇਂ ਅਨੁਸਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਪਰ ਚੋਣਾਂ ਤੋਂ ਪਹਿਲੇ ਵੀ 'ਆਪ' ਨੇ ਵੋਟਾਂ ਲੈਣ ਲਈ ਪਹਿਲੇ ਦਿਨ ਤੋਂ ਹੀ ਵਾਅਦੇ ਪੂਰੇ ਕਰਨ ਦੇ ਐਲਾਨ ਕੀਤੇ ਸਨ।
ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਾਂ ਦੇਣ ਲਈ ਤਿਆਰ ਹਨ, ਪਰ ਜੋ ਹੋਰ ਕੰਮ ਹਨ ਉਸ ਵੱਲ ਤਾਂ ਸਰਕਾਰ ਧਿਆਨ ਦੇਵੇਂ , ਜਿਸ ਵਿਚ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਵੀ ਸ਼ਾਮਲ ਹੈ। ਲੋਕਾਂ ਦਾ ਕੁਝ ਦਿਨ ਬਣੀ ਸਰਕਾਰ 'ਤੇ ਵੀ ਭਰੋਸਾ ਘੱਟ ਹੁੰਦਾ ਜਾ ਰਿਹਾ ਹੈ।
ਇਹ ਵੀ ਪੜੋ:ਵਕੀਲ ਐਚਸੀ ਅਰੋੜਾ ਨੇ ਸੀਐੱਮ ਮਾਨ ਤੋਂ ਕੀਤੀ ਮੰਗ, ਕਿਹਾ- 'ਭਾਰਤ ਲਿਆਈ ਜਾਵੇ ਸ਼ਹੀਦ ਊਧਮ ਸਿੰਘ ਦੀ ਪਿਸਤੌਲ'