ਚੰਡੀਗੜ੍ਹ: ਕੋਵਿਡ ਬਾਰੇ ਝੂਠੇ ਪ੍ਰਚਾਰ ਫ਼ੈਲਾਉਣ ਵਾਲਿਆਂ 'ਤੇ ਸ਼ਿੰਕਜਾ ਕਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀਜੀਪੀ ਨੂੰ ਹਦਾਇਤ ਕੀਤੀ ਕਿ ਉਹ ਮਹਾਂਮਾਰੀ ਬਾਰੇ ਲੋਕਾਂ ਵਿੱਚ ਗ਼ਲਤ ਜਾਣਕਾਰੀ ਫ਼ੈਲਾਉਣ ਵਾਲਿਆਂ 'ਤੇ ਕਾਰਵਾਈ ਕਰਨ।
ਕੈਪਟਨ ਅਮਰਿੰਦਰ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਵੀ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਭਾਰਤ ਵਿਰੋਧੀ ਅਨਸਰਾਂ ਦੁਆਰਾ ਜਾਰੀ ਕੀਤੇ ਜਾ ਰਹੇ ਬਿਆਨਾਂ ਦੀ ਨਿਗਰਾਨੀ ਕਰਨ ਅਤੇ ਅਜਿਹੇ ਸਾਰੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਨ, ਚਾਹੇ ਉਹ ਜਿੱਥੇ ਵੀ ਹੋਣ, ਜੋ ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ’ਤੇ ਅਫਵਾਹ ਫੈਲਾਉਂਦੇ ਪਾਏ ਜਾਂਦੇ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਸੰਸਥਾਵਾਂ 'ਤੇ ਭਾਰਤ ਵਿੱਚ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ।
ਇਹ ਨਿਰਦੇਸ਼ ਉਦੋਂ ਆਏ ਹਨ ਜਦੋਂ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਡੀਜੀਪੀ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਕੋਵਿਡ ਸਮੀਖਿਆ ਵਰਚੁਅਲ ਮੀਟਿੰਗ ਦੌਰਾਨ ਦੱਸਿਆ ਕਿ ਅਫ਼ਵਾਹਾਂ ਫ਼ੈਲਾਉਣ ਅਤੇ ਝੂਠੇ ਅਤੇ ਗੁਮਰਾਹਕੁੰਨ ਵੀਡੀਓ ਫੈਲਾਉਣ ਵਾਲੇ ਲੋਕਾਂ ਵਿਰੁੱਧ ਪਿਛਲੇ 10 ਦਿਨਾਂ (27 ਅਗਸਤ ਤੋਂ 7 ਸਤੰਬਰ) ਵਿੱਚ 8 ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜੋ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਰੁਕਾਵਟ ਬਣ ਰਹੇ ਸਨ ਅਤੇ ਲੋਕਾਂ ਨੂੰ ਜਨਤਕ ਤੇ ਨਿੱਜੀ ਸਿਹਤ ਕੇਂਦਰਾਂ 'ਤੇ ਸਹੀ ਡਾਕਟਰੀ ਇਲਾਜ ਲੈਣ ਤੋਂ ਰੋਕ ਰਹੇ ਸਨ।
ਇਹ ਐਫਆਈਆਰਜ਼ ਪਟਿਆਲਾ, ਫਿਰੋਜ਼ਪੁਰ, ਮਾਨਸਾ, ਐਸਏਐਸ ਨਗਰ, ਲੁਧਿਆਣਾ-ਦਿਹਾਤੀ, ਲੁਧਿਆਣਾ, ਜਲੰਧਰ ਅਤੇ ਮੋਗਾ ਵਿੱਚ ਦਰਜ ਕੀਤੀ ਗਈਆਂ ਹਨ, ਜਿਨ੍ਹਾਂ ਵਿੱਚ ਲੋਕ ਇਨਸਾਫ਼ ਪਾਰਟੀ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਅੱਜ ਦਰਜ ਕੀਤੀ ਗਈ ਐਫਆਈਆਰ ਵੀ ਸ਼ਾਮਲ ਹੈ।
ਡੀਜੀਪੀ ਨੇ ਕਿਹਾ ਕਿ ਇਕੱਠਾਂ ਖ਼ਿਲਾਫ਼ ਸਰਕਾਰ ਦੇ ਪਾਬੰਦੀਸ਼ੁਦਾ ਆਦੇਸ਼ਾਂ ਦੇ ਬਾਵਜੂਦ ਪਾਰਟੀਆਂ ਰੱਖਣ ਵਾਲੇ ਲੋਕਾਂ ਵਿਰੁੱਧ ਵੀ ਲੁਧਿਆਣਾ ਅਤੇ ਫਗਵਾੜਾ (ਕਪੂਰਥਲਾ) ਵਿੱਚ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ।